ਪੰਜਾਬ ''ਚ ਪਰਾਲੀ ਸਾੜਨ ਵਾਲੇ ਸੈਂਕੜੇ ਕਿਸਾਨਾਂ ''ਤੇ ਕੇਸ ਦਰਜ

11/06/2019 1:34:33 PM

ਮੋਗਾ/ਸੰਗਰੂਰ/ਰੂਪਨਗਰ,/ਨਵਾਂ ਸ਼ਹਿਰ/ ਫਾਜ਼ਿਲਕਾ (ਆਜ਼ਾਦ, ਵਿਵੇਕ ਸਿੰਧਵਾਨੀ, ਵਿਜੇ, ਤ੍ਰਿਪਾਠੀ, ਨਾਗਪਾਲ) : ਪੰਜਾਬ ਸਰਕਾਰ ਵਲੋਂ ਪਰਾਲੀ ਸਾੜਨ 'ਤੇ ਲਾਈ ਗਈ ਪਾਬੰਦੀ ਦੇ ਬਾਵਜੂਦ ਕਿਸਾਨ ਪਰਾਲੀ ਸਾੜ ਕੇ ਪ੍ਰਦੂਸ਼ਣ ਫੈਲਾਉਣ ਤੋਂ ਬਾਜ਼ ਨਹੀਂ ਆ ਰਹੇ। ਇਸ ਦੇ ਅਧੀਨ ਵੱਖ-ਵੱਖ ਜ਼ਿਲਿਆਂ ਦੇ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨੇ ਕਿਸਾਨਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਅਧੀਨ ਮੋਗਾ 'ਚ 83 ਕਿਸਾਨਾਂ, ਸੰਗਰੂਰ 'ਚ 24, ਰੂਪਨਗਰ 'ਚ 12, ਨਵਾਂਸ਼ਹਿਰ 'ਚ 6 ਅਤੇ ਫਾਜ਼ਿਲਕਾ 'ਚ 3 ਕਿਸਾਨਾਂ 'ਤੇ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ 'ਚੋਂ ਰੂਪਨਗਰ 'ਚ 2 ਅਤੇ ਫਾਜ਼ਿਲਕਾ 'ਚੋਂ 3 ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਗਰੂਰ ਦੇ ਡੀ. ਸੀ. ਘਨਸ਼ਿਆ ਗੌਰੀ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਤਕ ਪਰਾਲੀ ਸਾੜਨ ਦੇ ਕੁਲ 643 ਮਾਮਲੇ ਸਾਹਮਣੇ ਆਉਣ 'ਤੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ 16 ਲੱਖ 47 ਹਜ਼ਾਰ 500 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਜਦਕਿ 24 ਕਿਸਾਨਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਫਾਜ਼ਿਲਕਾ 'ਚ ਥਾਣਾ ਖੁਈਖੇੜਾ ਦੀ ਪੁਲਸ ਨੇ ਕਾਲੂ ਖਾਨ ਵਾਸੀ ਖੁਈਖੇੜਾ, ਰਾਕੇਸ਼ ਕੁਮਾਰ ਫਾਜ਼ਿਲਕਾ ਅਤੇ ਰਾਧਾ ਕ੍ਰਿਸ਼ਨ ਵਾਸੀ ਮੰਡੀ ਲਾਧੁਕਾ ਨੂੰ ਗ੍ਰਿਫਤਾਰ ਕੀਤਾ ਹੈ। ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਬਿਨੇ ਬੁਬਲਾਨੀ ਤੇ ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਨਵਾਂਸ਼ਹਿਰ ਸਬ-ਡਵੀਜ਼ਨ ਵਿਚ 2 ਕਿਸਾਨਾਂ ਖਿਲਾਫ, ਬੰਗਾ ਸਬ- ਡਵੀਜ਼ਨ 'ਚ 3 ਕਿਸਾਨਾਂ ਖਿਲਾਫ ਅਤੇ ਬਲਾਚੌਰ ਸਬ-ਡਵੀਜ਼ਨ 'ਚ ਇਕ ਖੇਤ ਮਾਲਕ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਹੁਣ ਤਕ ਜ਼ਿਲੇ ਵਿਚ 199 ਅੱਗ ਲਾਉਣ ਦੇ ਮਾਮਲਿਆਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚੋਂ 134 ਖੇਤ ਮਾਲਕਾਂ ਨੂੰ ਜੁਰਮਾਨਾ ਕੀਤਾ ਗਿਆ।

ਲੁਧਿਆਣੇ 'ਚ 45 ਮਾਮਲੇ ਦਰਜ, 22 ਕਿਸਾਨ ਗ੍ਰਿਫ਼ਤਾਰ
ਲੁਧਿਆਣਾ/ਖੰਨਾ/ਜਗਰਾਓਂ, 5 ਨਵੰਬਰ (ਸਲੂਜਾ, ਕਮਲ, ਮਾਲਵਾ) : ਇਸੇ ਤਰ੍ਹਾਂ ਹੀ ਲੁਧਿਆਣਾ 'ਚ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ 45 ਮਾਮਲੇ ਦਰਜ ਕਰ ਕੇ 22 ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ 34 ਚਲਾਨ ਵੀ ਜਾਰੀ ਕੀਤੇ ਗਏ ਹਨ, 13 ਕੰਬਾਈਨਾਂ ਨੂੰ ਸੁਪਰ ਐੱਸ. ਐੱਮ. ਐੱਸ. ਨਾ ਲਾਉਣ ਕਾਰਨ ਪ੍ਰਤੀ ਕੰਬਾਈਨ 2 ਲੱਖ ਰੁਪਏ ਚਲਾਨ ਕੀਤਾ ਗਿਆ ਹੈ, 243 ਮਾਮਲਿਆਂ 'ਚ 8 ਲੱਖ ਰੁਪਏ ਦਾ ਮੁਆਵਜ਼ਾ ਫਾਈਲ ਕੀਤਾ ਗਿਆ ਹੈ। ਕਿਸਾਨਾਂ ਦੇ ਮਾਲ ਰਿਕਾਰਡ 'ਚ ਲਾਲ ਸ਼ਿਆਹੀ ਨਾਲ ਐਂਟਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜਗਰਾਓਂ 'ਚ ਵੀ 2 ਕਿਸਾਨਾਂ 'ਤੇ ਪਰਾਲੀ ਸਾੜਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸੁਖਚੈਨ ਸਿੰਘ ਪੁੱਤਰ ਜਗਦੀਪ ਸਿੰਘ ਵਾਸੀ ਅਗਵਾੜ੍ਹ ਲੋਪੋਂ ਜਗਰਾਓਂ ਨੇ ਆਪਣੀ ਚਾਰ ਏਕੜ ਜ਼ਮੀਨ ਅਤੇ ਹਰਭਜਨ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਅਗਵਾੜ੍ਹ ਲੋਪੋਂ ਜਗਰਾਓਂ ਨੇ ਆਪਣੀ ਢਾਈ ਏਕੜ ਜ਼ਮੀਨ 'ਤੇ ਪਰਾਲੀ ਨੂੰ ਅੱਗ ਲਗਾਈ ਹੋਈ ਸੀ।

ਜਲੰਧਰ 'ਚ 3 ਕਿਸਾਨਾਂ 'ਤੇ ਮਾਮਲੇ ਦਰਜ
ਕਿਸ਼ਨਗੜ੍ਹ/ਨੂਰਮਹਿਲ, (ਬੈਂਸ, ਸ਼ਰਮਾ) : ਪਿੰਡ ਸੰਘਵਾਲ 'ਚ ਇਕ ਕਿਸਾਨ ਵਲੋਂ ਪਰਾਲੀ ਨੂੰ ਅੱਗ ਲਾਉਣ 'ਤੇ ਕਿਸ਼ਨਗੜ੍ਹ ਪੁਲਸ ਚੌਕੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਅੱਗ ਲਾਉਣ ਵਾਲੇ ਵਿਅਕਤੀ ਨੇ ਆਪਣਾ ਨਾਂ ਪਰਮਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਬੱਲਾਂ ਦੱਸਿਆ। ਇਸ ਤੋਂ ਇਲਾਵਾ ਪਿੰਡ ਪੱਬਵਾਂ ਦੇ ਦੋ ਜ਼ਿਮੀਂਦਾਰਾਂ ਗੁਰਦੀਪ ਸਿੰਘ ਉਰਫ ਰਾਣਾ ਪੁੱਤਰ ਨਿਰੰਜਣ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਗੁਰਦਿਆਲ ਸਿੰਘ ਖਿਲਾਫ ਜ਼ਿਲਾ ਮੈਜਿਸਟ੍ਰੇਟ ਜਲੰਧਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਆਈ. ਪੀ. ਸੀ. ਦੀ ਧਾਰਾ 188 ਦੇ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫਤਿਹਗੜ੍ਹ ਸਾਹਿਬ 'ਚ 47 ਕਿਸਾਨਾਂ ਖਿਲਾਫ਼ ਕੇਸ ਦਰਜ
ਫਤਿਹਗੜ੍ਹ ਸਾਹਿਬ/ਅਮਲੋਹ (ਜਗਦੇਵ, ਮੱਗੋਂ) : ਫਤਿਹਗੜ੍ਹ 'ਚ ਹੁਣ ਤੱਕ 47 ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ 64 ਕਿਸਾਨਾਂ ਨੂੰ ਕਰੀਬ 2 ਲੱਖ 27 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਤਹਿਸੀਲ ਅਮਲੋਹ 'ਚ ਵੀ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਹੁਸ਼ਿਆਰਪੁਰ 'ਚ ਵੀ ਪਰਾਲੀ ਸਾੜਣ ਵਾਲੇ ਕਿਸਾਨਾਂ 'ਤੇ ਕਾਰਵਾਈ ਕੀਤੀ ਗਈ ਹੈ।

ਪਟਵਾਰੀ ਨੂੰ ਕਿਸਾਨਾਂ ਨੇ ਬੰਧਕ ਬਣਾਇਆ
ਨਾਭਾ (ਜੈਨ) : ਨਾਭਾ ਦੇ ਪਿੰਡ ਕਕਰਾਲਾ 'ਚ ਜਦੋਂ ਪਟਵਾਰੀ ਗੁਰਪ੍ਰੀਤ ਸਿੰਘ ਇਹ ਰਿਪੋਰਟ ਬਣਾਉਣ ਗਿਆ ਕਿ ਕਿਸ ਕਿਸਾਨ ਨੇ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਈ ਹੈ ਤਾਂ ਪਿੰਡ ਵਾਸੀਆਂ ਨੇ ਉਸ ਪਟਵਾਰੀ ਨੂੰ ਬੰਧਕ ਬਣਾ ਲਿਆ। ਇਸ ਸਬੰਧੀ ਪ੍ਰਸ਼ਾਸਨ ਨੂੰ ਜਦੋਂ ਪਤਾ ਲੱਗਾ ਤਾਂ ਡੀ. ਐੱਸ. ਪੀ. ਨਾਭਾ ਵਰਿੰਦਰਜੀਤ ਸਿੰਘ ਥਿੰਦ ਦੀ ਅਗਵਾਈ ਵਿਚ ਸਦਰ ਪੁਲਸ ਮੌਕੇ 'ਤੇ ਪਹੁੰਚੀ ਅਤੇ ਕਾਫੀ ਕੋਸ਼ਿਸ਼ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਛੁਡਵਾ ਲਿਆ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪਿੰਡ ਨਿਵਾਸੀਆਂ ਨੇ ਪਟਵਾਰੀ ਨੂੰ ਛੁਡਵਾਉਣ ਆਈ ਪੁਲਸ ਨੂੰ ਵੀ ਘੇਰ ਲਿਆ ਜਿਸ ਤੋਂ ਬਾਅਦ ਪਿੰਡ ਵਿਚ ਪੁਲਸ ਅਤੇ ਕਿਸਾਨ ਆਹਮੋ-ਸਾਹਮਣੇ ਹੋਣ ਕਾਰਣ ਮਾਹੌਲ ਤਣਾਅਪੂਰਨ ਹੋ ਗਿਆ। ਖਬਰ ਲਿਖੇ ਜਾਣ ਤਕ ਪਟਿਆਲਾ ਤੋਂ ਭਾਰੀ ਪੁਲਸ ਫੋਰਸ ਡੀ. ਐੱਸ. ਪੀ. ਕੇ. ਕੇ. ਪੈਂਥੇ ਦੀ ਅਗਵਾਈ ਵਿਚ ਪਹੁੰਚ ਚੁੱਕੀ ਸੀ ਅਤੇ ਕਿਸਾਨਾਂ ਦਾ ਧਰਨਾ ਜਾਰੀ ਸੀ।

Anuradha

This news is Content Editor Anuradha