''ਆਪ'' ਅਤੇ ਅਕਾਲੀ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਵਿਚ ਰੌਲਾ ਪਾ ਕੇ ਡਰਾਮੇਬਾਜ਼ੀ ਕੀਤੀ : ਭੱਟੀ

06/23/2017 5:41:10 PM

ਬੁਢਲਾਡਾ (ਮਨਜੀਤ) : ਪੰਜਾਬ ਦਾ ਅੰਨਦਾਤਾ ਖੁਦਕੁਸ਼ੀਆਂ ਕਰ ਰਿਹਾ ਸੀ ਪਰ ਪੰਜਾਬ ਵਿਚ ਪਿਛਲੇ ਦਸ ਸਾਲਾਂ ਤੋਂ ਅਕਾਲੀ ਸਰਕਾਰ ਅਤੇ ਕੇਂਦਰ ਵਿਚ ਭਾਜਪਾ ਦੀ ਭਾਈਵਾਲੀ ਸਰਕਾਰ ਹੱਥ 'ਤੇ ਹੱਥ ਧਰ ਕੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਵੇਖ ਰਹੀ ਸੀ ਪਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੇ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਹ ਸ਼ਬਦ ਪੰਜਾਬ ਕਾਂਗਰਸ ਦੇ ਸੀਨੀਅਰੀ ਨੇਤਾ ਅਤੇ ਰਿਟਾਇਰਡ ਏ.ਆਈ.ਜੀ. ਆਈ.ਪੀ.ਐੱਸ ਅਧਿਕਾਰੀ ਸੁਖਦੇਵ ਸਿੰਘ ਭੱਟੀ ਨੇ ਹਲਕੇ ਦੇ ਵਰਕਰਾਂ ਦੀਆਂ ਸਮੱਸਿਆਵਾਂ ਆਪਣੇ ਗ੍ਰਹਿ ਵਿਖੇ ਸੁਣਨ ਤੋਂ ਬਾਅਦ ਪੱਤਰਾਕਰਾਂ ਨਾਲ ਗੱਲਬਾਤ ਕਰਦਿਆਂ ਕੀਤੇ। ਉਨ੍ਹਾਂ ਕਿਹਾ ਕਿ ਜਦੋਂ 'ਆਪ' ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਬੈਂਸ ਭਰਾਵਾਂ ਨੂੰ ਪਹਿਲਾਂ ਹੀ ਵਿਧਾਨ ਸਭਾ ਦੇ ਸਪੀਕਰ ਨੇ ਸ਼ੈਸ਼ਨ 'ਚੋਂ ਮੁਲਤਵੀ ਕਰ ਦਿੱਤਾ ਸੀ ਤਾਂ ਉਨ੍ਹਾਂ ਨੇ ਮੁੜ ਵਿਧਾਨ ਸਭਾ ਵਿਚ ਸ਼ਾਮਲ ਹੋਣ ਲਈ ਤਾਇਨਾਤ ਪੁਲਸ ਅਧਿਕਾਰੀਆਂ ਨਾਲ ਧੱਕੇਸ਼ਾਹੀ ਕੀਤੀ। ਇਸ ਤੋਂ ਸਪੱਸ਼ਟ ਹੈ ਕਿ ਸਦਨ ਵਿਚ ਪਾਇਆ ਗਿਆ ਰੌਲਾ ਰੱਪਾ 'ਆਪ' ਅਤੇ ਅਕਾਲੀ ਦੀ ਦੇਣ ਹੈ।  
ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਸਸਤੀ ਸ਼ੌਹਰਤ ਹਾਸਲ ਕਰਨ ਲਈ 'ਆਪ' ਦੇ ਵਿਧਾਇਕਾਂ ਦੇ ਪੱਖ ਪੂਰ ਕੇ ਸਦਨ ਦੀ ਕਾਰਵਾਈ ਵਿਚ ਵਿਘਨ ਪਾਇਆ ਹੈ ਜੋ ਕਿ ਕੀਮਤੀ ਸਮਾਂ ਪੰਜਾਬ ਦੇ ਭਲੇ ਲਈ ਸਕੀਮਾਂ ਪਾਸ ਕਰਨ ਲਈ ਹੁੰਦਾ ਹੈ ਪਰ ਅਕਾਲੀ ਅਤੇ 'ਆਪ' ਵਿਧਾਇਕਾਂ ਨੇ ਰੌਲਾ ਪਾ ਕੇ ਸਦਨ ਦੀ ਕਾਰਵਾਈ ਵਿਚ ਰੁਕਾਵਟ ਪਾ ਕੇ ਨਿੰਦਣਯੋਗ ਕਾਰਵਾਈ ਕੀਤੀ ਹੈ। ਇਸ ਮੌਕੇ ਪੰਚਾਇਤ ਯੂਨੀਅਨ ਬਲਾਕ ਬੁਢਲਾਡਾ ਦੇ ਸਰਪ੍ਰਸਤ ਸਰਪੰਚ ਜਗਦੇਵ ਸਿੰਘ ਘੋਗਾ ਜੋਈਆਂ, ਸਾਬਕਾ ਸਰਪੰਚ ਗੁਰਚਰਨ ਸਿੰਘ ਦੋਦੜਾ, ਸਰਪੰਚ ਜਗਰੂਪ ਸਿੰਘ ਮੰਢਾਲੀ, ਸਰਪੰਚ ਗੁਰਸੰਗਤ ਸਿੰਘ ਗੁਰਨੇ ਖੁਰਦ, ਕਾਂਗਰਸੀ ਆਗੂ ਅਜਮੇਰ ਸਿੰਘ ਗੁਰਨੇ ਖੁਰਦ, ਸਰਪੰਚ ਇਕਬਾਲ ਸਿੰਘ ਬਰ੍ਹੇਂ, ਟਰੱਕ ਯੂਨੀਅਨ ਬੋਹਾ ਦੇ ਪ੍ਰਧਾਨ ਬਲਦੇਵ ਸਿੰਘ ਤਾਲਵਾਲਾ, ਪੰਚ ਸਤਵੀਰ ਸਿੰਘ ਬਿੱਟੂ ਭੱਠਲ, ਸੁੱਖੀ ਜੋਈਆਂ, ਬਿੱਕਰ ਸਿੰਘ ਬਰ੍ਹੇਂ, ਰਣਵੀਰ ਸਿੰਘ ਗੋਬਿੰਦਪੁਰਾ, ਗੁਰਪ੍ਰੀਤ ਸਿੰਘ ਵਿਰਕ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।