ਪੰਜਾਬ ਦੇ ਕਿਸਾਨ ਨੇ ਕਾਇਮ ਕੀਤੀ ਮਿਸਾਲ, 4 ਸਾਲਾਂ ਤੋਂ ਨਹੀਂ ਸਾੜੀ ''ਪਰਾਲੀ''

09/21/2019 2:07:07 PM

ਕੁਰਾਲੀ (ਬਠਲਾ) : ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨਾ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਸਬੰਧੀ ਚਲਾਈ ਮੁਹਿੰਮ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਸਦਕਾ ਪਿਛਲੇ ਸਾਲ ਜ਼ਿਲਾ ਮੋਹਾਲੀ 'ਚ ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਦੀਆਂ ਘਟਨਾਵਾਂ 'ਚ 14 ਫੀਸਦੀ ਕਮੀ ਆਈ ਹੈ। ਪਿੰਡ ਸ਼ਾਹਪੁਰ ਦੇ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਮੋਤਾ ਸਿੰਘ ਨੇ ਪਿਛਲੇ ਸੀਜ਼ਨ 'ਚ ਆਪਣੀ 10 ਏਕੜ ਅਤੇ ਹੋਰ ਕਿਸਾਨਾਂ ਦੀ 200 ਏਕੜ ਜ਼ਮੀਨ 'ਚ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਜ਼ਮੀਨ 'ਚ ਹੀ ਖਪਾਇਆ।

ਸੁਖਵਿੰਦਰ ਸਿੰਘ ਨੇ ਉੱਦਮੀ ਕਿਸਾਨ ਸੋਸਾਇਟੀ ਸ਼ਾਹਪੁਰ ਨਾਂ ਦਾ ਆਪਣਾ ਕਿਸਾਨ ਗਰੁੱਪ ਵੀ ਬਣਾਇਆ ਹੋਇਆ ਹੈ, ਜਿਸ ਦੇ 11 ਮੈਂਬਰ ਹਨ। ਇਸ ਗਰੁੱਪ ਰਾਹੀਂ ਜਿੱਥੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨਾ ਸਾੜਨ ਲਈ ਜਾਗਰੂਕ ਕੀਤਾ ਜਾਂਦਾ ਹੈ, ਉੱਥੇ ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ 'ਚ ਹੀ ਖਪਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਬਸਿਡੀ 'ਤੇ ਦਿੱਤੀ ਗਈ ਆਧੁਨਿਕ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ ਕਿਸਾਨ ਵਲੋਂ ਡੇਅਰੀ ਧੰਦਾ ਅਤੇ ਸਬਜ਼ੀਆਂ ਦੀ ਬੀਜਾਈ ਵੀ ਕੀਤੀ ਜਾਂਦੀ ਹੈ। ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 4 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ, ਸਗੋਂ ਪਰਾਲੀ ਨੂੰ ਜ਼ਮੀਨ 'ਚ ਖਪਾ ਕੇ ਹੀ ਖੇਤੀ ਕਰਦਾ ਆ ਰਿਹਾ ਹੈ। ਇਸ ਤਰੀਕੇ ਨਾਲ ਖੇਤੀ ਕਰਨ ਸਦਕਾ ਉਸ ਦੀ ਫਸਲ ਦੇ ਝਾੜ 'ਚ ਵਾਧਾ ਹੋਇਆ ਹੈ। ਉਸ ਨੇ ਦੱਸਿਆ ਕਿ ਇਸ ਸਾਲ ਉਸ ਨੇ 9 ਏਕੜ 'ਚ ਝੋਨੇ ਦੀ ਬੀਜਾਈ ਕੀਤੀ ਹੈ, ਜਿਸ ਦੀ ਕਟਾਈ ਤੋਂ ਬਾਅਦ ਖੇਤ 'ਚ ਉਲਟਾਵਾਂ ਹੱਲ ਫੇਰ ਕੇ ਗਾਜਰਾਂ ਦੀ ਬੀਜਾਈ ਕੀਤੀ ਜਾਵੇਗੀ।

Babita

This news is Content Editor Babita