ਕੰਮ ਨਹੀਂ ਆਇਆ ਕੈਪਟਨ ਦਾ ਐਲਾਨ, ਮੌਤ ਦੇ ਮੂੰਹ 'ਚ ਗਿਆ ਇਕ ਹੋਰ ਕਿਸਾਨ (ਵੀਡੀਓ)

07/23/2017 3:38:36 PM

ਬਰਨਾਲਾ— ਪੰਜਾਬ ਸਰਕਾਰ ਨੇ ਬਿਨਾਂ ਸ਼ੱਕ ਕਿਸਾਨਾਂ ਦੇ ਕਰਜ਼ ਮੁਆਫੀ ਦਾ ਐਲਾਨ ਕੀਤਾ ਹੈ ਪਰ ਇਸ ਐਲਾਨ ਦਾ ਕੋਈ ਖਾਸ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਇਕੱਲੇ ਬਰਨਾਲਾ ਵਿਚ ਇਕ ਮਹੀਨੇ ਵਿਚ 9 ਮੌਤਾਂ ਹੋ ਚੁੱਕੀਆਂ ਹਨ। ਤਾਜ਼ਾ ਮਾਮਲਾ ਹੈ ਬਰਨਾਲਾ ਦੇ ਪਿੰਡ ਸੇਖਾਂ ਦਾ, ਜਿੱਥੇ ਕਿਸਾਨ ਰਣਜੀਤ ਸਿੰਘ ਨੇ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਕਿਸਾਨ ਨੇ ਵੱਖ-ਵੱਖ ਬੈਂਕਾਂ ਦਾ 5 ਲੱਖ ਦੇ ਕਰੀਬ ਕਰਜ਼ਾ ਦੇਣਾ ਸੀ, ਜਿਸ ਕਰਕੇ ਉਹ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਚੁੱਕਾ ਸੀ। ਇਸੇ ਪਰੇਸ਼ਾਨੀ ਦੇ ਚੱਲਦੇ ਅੱਜ ਉਸ ਨੇ ਇਹ ਕਦਮ ਚੁੱਕ ਲਿਆ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਦੇ ਤੌਰ 'ਤੇ ਹੋਈ ਹੈ, ਮ੍ਰਿਤਕ ਦੀ ਪਤਨੀ ਸ਼ਿੰਦਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਿਰਫ ਇਕ ਏਕੜ ਜ਼ਮੀਨ ਹੈ ਅਤੇ ਬੈਂਕ ਦਾ ਕਰਜ਼ਾ ਪੰਜ ਲੱਖ ਸੀ। ਮ੍ਰਿਤਕ ਕਿਸਾਨ ਆਪਣੇ ਪਿੱਛੇ ਦੋ ਜਵਾਨ ਕੁੜੀਆਂ ਅਤੇ 18 ਸਾਲਾਂ ਦਾ ਪੁੱਤਰ ਛੱਡ ਗਿਆ ਹੈ। ਪੰਜਾਬ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ।