ਪੰਜਾਬ 'ਚ ਖੇਤੀ ਸੰਕਟ ਬਰਕਰਾਰ, ਹੁਣ ਤਕ 900 ਕਿਸਾਨਾਂ ਨੇ ਦਿੱਤੀ ਜਾਨ

02/12/2019 9:16:59 AM

ਚੰਡੀਗੜ੍ਹ— ਪੰਜਾਬ 'ਚ ਸਰਕਾਰ ਬਦਲਣ ਮਗਰੋਂ ਵੀ ਕਿਸਾਨਾਂ ਦੀ ਖੁਦਕੁਸ਼ੀ ਦਾ ਦੌਰ ਖਤਮ ਨਹੀਂ ਹੋਇਆ। ਇਕ ਰਿਪੋਰਟ ਮੁਤਾਬਕ 2017 'ਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ 900 ਤੋਂ ਵੱਧ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ।ਇਨ੍ਹਾਂ 'ਚੋਂ 359 ਖੁਦਕੁਸ਼ੀਆਂ ਦੀਆਂ ਘਟਨਾਵਾਂ ਕਾਂਗਰਸ ਸਰਕਾਰ ਕਾਇਮ ਹੋਣ ਦੇ ਸਿਰਫ ਨੌਂ ਮਹੀਨਿਆਂ ਅੰਦਰ ਵਾਪਰੀਆਂ। ਉੱਥੇ ਹੀ, ਇਸ ਸਾਲ ਇਕੱਲੇ ਜਨਵਰੀ 'ਚ ਹੀ 32 ਅਜਿਹੇ ਮਾਮਲੇ ਸਾਹਮਣੇ ਆਏ ਹਨ।

ਇਹ ਰਿਕਾਰਡ ਇਕੱਤਰ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਸੁਨਾਮ ਬਲਾਕ ਦੇ ਪ੍ਰੈੱਸ ਸਕੱਤਰ ਸੁਖਪਾਲ ਮਾਣਕ ਮੁਤਾਬਕ, ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ ਕਿਉਂਕਿ ਕਈ ਟੀਵੀ ਚੈਨਲਾਂ, ਵੈੱਬ ਪੋਰਟਲਸ 'ਤੇ ਰਿਪੋਰਟ ਹੋਈਆਂ ਖੁਦਕੁਸ਼ੀਆਂ ਇਨ੍ਹਾਂ ਅੰਕੜਿਆਂ 'ਚ ਸ਼ਾਮਲ ਨਹੀਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਸੰਕਟ ਦੂਰ ਕਰਨ ਲਈ ਸਥਾਈ ਕਦਮ ਚੁੱਕਣ ਦੀ ਜ਼ਰੂਰਤ ਹੈ, ਜਦੋਂ ਕਿ ਇਕੱਲੇ ਕਰਜ਼ ਮਾਫੀ ਨਾਲ ਸਮੱਸਿਆ ਹੱਲ ਨਹੀਂ ਹੋਣ ਵਾਲੀ। ਜ਼ਿਆਦਾਤਰ ਛੋਟੇ ਅਤੇ ਦਰਮਿਆਨੇ ਕਿਸਾਨ ਖੇਤੀ ਸੰਕਟ ਦਾ ਸ਼ਿਕਾਰ ਹਨ।ਇਸ ਸਮੱਸਿਆ ਦਾ ਹੱਲ ਖੇਤੀਬਾੜੀ ਖੇਤਰ ਤੋਂ ਬਾਹਰ ਰੋਜ਼ਗਾਰ ਪੈਦਾ ਕਰਨ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਨਾਲ ਨਿਕਲ ਸਕਦਾ ਹੈ ਪਰ ਮੌਜੂਦਾ ਹਾਲਤ 'ਚ ਇਹ ਦੋਵੇਂ ਕਦਮ ਨਹੀਂ ਚੁੱਕੇ ਗਏ ਹਨ।
ਸਰਕਾਰ ਦੀ ਇਕੱਲੀ ਕਰਜ਼ ਮਾਫੀ ਕਿਸਾਨਾਂ ਦੀ ਮੁਸ਼ਕਲ ਦਾ ਪੱਕਾ ਹੱਲ ਨਹੀਂ ਕਰ ਸਕਦੀ। ਮਾਹਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਨਾ ਤਾਂ ਖੇਤੀ ਨਾਲ ਸੰਬੰਧਤ ਸਾਮਾਨ ਦੀਆਂ ਕੀਮਤਾਂ 'ਤੇ ਕੋਈ ਕੰਟਰੋਲ ਹੈ ਅਤੇ ਨਾ ਹੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਮੁੱਲ ਮਿਲਦਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਖੁਦਕੁਸ਼ੀ ਦਾ ਸਿਲਸਿਲਾ ਜਾਰੀ ਹੈ ਕਿਉਂਕਿ ਸਰਕਾਰ ਆਪਣੇ ਵਾਅਦੇ ਪੂਰੇ ਕਰਨ 'ਚ ਅਸਫਲ ਰਹੀ ਹੈ।
ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦੇ ਪਿੰਡ ਮਹਿਮਾ 'ਚ ਬੀਤੇ ਦਿਨ ਇਕ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ।ਮ੍ਰਿਤਕ ਕੋਲ 3-4 ਏਕੜ ਜ਼ਮੀਨ ਤੇ ਉਸ 'ਤੇ ਕਰੀਬ 20 ਲੱਖ ਰੁਪਏ ਦਾ ਕਰਜ਼ਾ ਸੀ।ਮ੍ਰਿਤਕ ਕਿਸਾਨ ਨੇ ਕੁਝ ਸਮਾਂ ਪਹਿਲਾਂ ਆਪਣੀ ਜ਼ਮੀਨ ਵੇਚ ਕੇ ਕੁਝ ਕਰਜ਼ਾ ਉਤਾਰ ਦਿੱਤਾ ਸੀ ਤੇ ਬਾਕੀ ਬਚੇ ਕਰਜ਼ੇ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ।