ਦਿੱਲੀ ਧਰਨੇ ਲਈ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਭੇਜਿਆ ਜਾ ਰਿਹੈ ਬਾਲਣ

12/19/2020 1:24:12 PM

ਦੇਵੀਗੜ੍ਹ (ਨੌਗਾਵਾਂ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਣਾਏ ਗਏ 3 ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ’ਚ ਪਿਛਲੇ ਤਿੰਨ ਮਹੀਨਿਆਂ ਤੋਂ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਹੱਦਾਂ ’ਤੇ ਧਰਨੇ ਦਿੱਤੇ ਜਾ ਰਹੇ ਹਨ, ਜਿੱਥੇ ਕਿਸਾਨਾਂ ਲਈ ਲਗਾਤਾਰ ਲੰਗਰ ਚੱਲ ਰਹੇ ਹਨ, ਜਿਸ ਨੂੰ ਬਣਾਉਣ ਲਈ ਬਾਲਣ ਦੀ ਭਾਰੀ ਲੋੜ ਪੈਂਦੀ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਪੰਜਾਬ ’ਚੋਂ ਪਿੱਛੇ ਰਹਿੰਦੇ ਕਿਸਾਨਾਂ ਵੱਲੋਂ ਲਗਾਤਾਰ ਬਾਲਣ ਜਿਸ ’ਚ ਰਸੋਈ ਗੈਸ, ਬਾਲਣ ਅਤੇ ਕੋਲੇ ਆਦਿ ਭੇਜੇ ਜਾ ਰਹੇ ਹਨ ਤਾਂ ਕਿ ਕਿਸਾਨਾਂ ਲਈ ਬਣਾਏ ਜਾ ਰਹੇ ਲੰਗਰ ਲਈ ਕੋਈ ਕਮੀ ਪੇਸ਼ ਨਾ ਆ ਸਕੇ।

ਇਸ ਬਾਲਣ ਦੀ ਘਾਟ ਨੂੰ ਪੂਰਾ ਕਰਨ ਲਈ ਜਿੱਥੇ ਸਾਰੇ ਪੰਜਾਬ ਦੇ ਕਿਸਾਨਾਂ ਵੱਲੋਂ ਟਰਾਲੀਆਂ ਰਾਹੀਂ ਲੱਕੜਾਂ ਆਦਿ ਭੇਜੀਆਂ ਜਾ ਰਹੀਆਂ ਹਨ, ਉਥੇ ਹੀ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ’ਚੋਂ ਵੀ ਬਹੁਤ ਸਾਰੀਆਂ ਟਰਾਲੀਆਂ ਲੱਕੜਾਂ ਦੀਆਂ ਭਰ ਕੇ ਦਿੱਲੀ ਧਰਨੇ ਲਈ ਭੇਜੀਆਂ ਜਾ ਰਹੀਆਂ ਹਨ। ਟਰਾਲੀਆਂ ਰਾਹੀਂ ਬਾਲਣ ਲੈ ਕੇ ਜਾ ਰਹੇ ਕਿਸਾਨਾਂ ਜਗਦੀਸ਼ ਸਿੰਘ ਚੀਮਾ, ਜਤਿੰਦਰ ਸਿੰਘ, ਜ਼ੋਰਾ ਸਿੰਘ ਪਿੰਡ ਨੂਰਪੁਰਾ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਲਈ ਬਾਲਣ ਦੀ ਘਾਟ ਪੇਸ਼ ਨਹੀਂ ਆਉਣ ਦੇਣਗੇ। ਇਸ ਵਾਸਤੇ ਨੌਜਵਾਨ ਕਿਸਾਨਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Babita

This news is Content Editor Babita