ਕਿਸਾਨ ਜਥੇਬੰਦੀਆਂ ਨੇ ਘੇਰਿਆ ਡਿਪਟੀ ਕਮਿਸ਼ਨਰ ਦਫ਼ਤਰ

01/18/2019 4:51:15 PM

ਸੰਗਰੂਰ (ਬੇਦੀ, ਯਾਦਵਿੰਦਰ, ਜਨੂਹਾ) : ਕਰਜ਼ ਮੁਆਫ਼ੀ ਦੇ ਮਸਲੇ ਨੂੰ ਲੈ ਕੇ ਸੱਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਲਾਇਆ ਗਿਆ। ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਸਮੇਂ ਕੈਪਟਨ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣ ਗਈ ਤਾਂ ਕਰਜ਼ਾ ਕੁਰਕੀ ਖਤਮ ਕੀਤੀ ਜਾਵੇਗੀ, ਫਸਲ ਦੇ ਪੂਰੇ ਭਾਅ ਅਤੇ ਹਰ ਇਕ ਘਰ ਵਿਚ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਪਰ ਹੁਣ ਸਰਕਾਰ ਬਣਦਿਆਂ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦਿਆਂ ਤੋਂ ਭੱਜ ਗਏ ਹਨ, ਤੇ ਅੱਜ ਵੀ ਮਹਿੰਗਾਈ ਦੀ ਮਾਰ ਨਾ ਝੱਲਦੇ ਹੋਏ ਕਿਸਾਨ ਅਤੇ ਮਜ਼ਦੂਰ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ ਪਰ ਇਸਦੇ ਉਲਟ ਕਾਰਪੋਰੇਟ ਘਰਾਣਿਆਂ ਦਾ ਮੋਟਾ ਪੈਸਾ ਮੁਆਫ਼ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਰਜ਼ਾ ਲੈਣ ਸਮੇਂ ਕਿਸਾਨਾਂ ਕੋਲੋ ਖਾਲੀ ਚੈੱਕ ਲੈਣੇ ਬੰਦ ਕੀਤੇ ਜਾਣ। ਚੱਲ ਰਹੇ ਕੋਰਟ ਕੇਸ ਬੰਦ ਕੀਤੇ ਜਾਣ। ਸਰਕਾਰ ਦੀ ਤਰਫੋਂ ਐਲਾਨੀ ਗਈ ਦੋ ਲੱਖ ਦੀ ਨਿਗੁਣੀ ਰਾਹਤ ਲਈ ਫਿਕੇਸ਼ਨ ਦੀ ਧਾਰਾ 5.2 ਹਟਾਕੇ 5 ਏਕੜ ਤੱਕ ਸਾਰੇ ਕਿਸਾਨਾਂ ਲਈ ਬਿਨਾਂ ਸ਼ਰਤ ਧਾਰਾ 5.1 ਤਹਿਤ ਹੀ ਲਾਗੂ ਕੀਤਾ ਜਾਵੇ। ਜਬਰੀ ਕਰਜ਼ਾ ਵਸੂਲੀ ਖਾਤਰ ਨਿਲਾਮੀਆਂ, ਕੁਰਕੀਆਂ, ਗ੍ਰਿਫਤਾਰ, ਪੁਲਸ ਦਖਲ ਅਤੇ ਫੋਟੋਆਂ ਸਮੇਤ ਡਿਫਾਲਟਰ ਲਿਸਟਾਂ ਵਰਗੇ ਹੱਕਕੰਡੇ ਤੇ ਪਾਬੰਦੀ ਲਾਈ ਜਾਵੇ।
ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟ ਕੀਤੀ ਜਾਵੇ ਅਤੇ ਖਰਚੇ ਘੱਟ ਕਰਨ ਲਈ ਕਾਰਪੋਰੇਟ ਘਰਾਣਿਆਂ ਦੇ ਅੰਨ੍ਹੇ ਮੁਨਾਫਿਆਂ 'ਤੇ ਪਾਬੰਦੀ ਲਾਈ ਜਾਵੇ, ਕਰਜ਼ੇ ਮੋੜਨੋ ਅਸਮਰੱਥ ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ਿਆਂ 'ਤੇ ਲਕੀਰ ਮਾਰੀ ਜਾਵੇ, ਕਰਜ਼ਿਆਂ ਅਤੇ ਆਰਥਿਕ ਤੰਗੀਆਂ ਤੋਂ ਪੀੜਤ ਖੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਮਜ਼ਦੂਰਾਂ 'ਤੇ ਵਾਰਸਾਂ ਨੂੰ 10 -10 ਲੱਖ ਮੁਆਵਜ਼ਾ, 1-1 ਸਰਕਾਰੀ ਨੌਕਰੀ ਅਤੇ ਸਮੁੱਚੇ ਕਰਜ਼ੇ 'ਤੇ ਲਕੀਰ ਮਾਰੀ ਜਾਵੇ। ਪੰਜਾਬ ਦੇ ਪੜ੍ਹੇ ਲਿਖੇ ਤੇ ਅਨਪੜ੍ਹ ਬੇਰੋਜ਼ਗਾਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਦੀ ਸਾਂਭ-ਸੰਭਾਲ ਲਈ ਝੋਨੇ ਅਤੇ ਕਣਕ ਦੀ ਫਸਲ 'ਤੇ ਘੱਟੋ-ਘੱਟ 200 ਰੁਪਏ ਕੁਇੰਟਲ ਬੋਨਸ ਦਿੱਤਾ ਜਾਵੇ, ਅੰਦੋਲਨਕਾਰੀ ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਕੀਤੇ ਕੇਸ ਤੇ ਜੁਰਮਾਨੇ ਰੱਦ ਕੀਤੇ ਜਾਣ, ਬਿਜਲੀ ਦਰਾਂ 'ਚ ਕੀਤਾ ਵਾਧਾ ਵਾਪਸ ਕੀਤਾ ਜਾਵੇ। 
ਧਰਨੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ, ਸੁਖਦੇਵ ਸਿੰਘ ਬਾਲਦ ਕਲਾਂ, ਸੁਖਦੇਵ ਸਿੰਘ ਘਰਾਚੋਂ, ਉਗਰਾਹਾਂ ਦੇ ਜਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਆਗੂ ਸੋਮਾ ਸਿੰਘ ਲੋਂਗੋਵਾਲ, ਜਗਤਾਰ ਸਿੰਘ, ਦਰਸ਼ਨ ਸਿੰਘ, ਸਿਆਮ ਦਾਸ ਆਦਿ ਹਾਜ਼ਰ ਸਨ।