ਲੁਧਿਆਣਾ ''ਚ 15 ਤੇ 16 ਮਾਰਚ ਨੂੰ ਲੱਗੇਗਾ ਵਿਸ਼ਾਲ ''ਕਿਸਾਨ ਮੇਲਾ''

03/14/2019 4:28:30 PM

ਲੁਧਿਆਣਾ (ਨਰਿੰਦਰ) : ਦੇਸ਼ ਦੀ ਹਰੀ ਕ੍ਰਾਂਤੀ 'ਚ ਅਹਿਮ ਭੂਮਿਕਾ ਨਿਭਾਉਣ ਵਾਲੀ ਮੁੱਖ ਸੰਸਥਾ 'ਪੰਜਾਬ ਖੇਤੀਬਾੜੀ ਯੂਨੀਵਰਸਿਟੀ' ਵਲੋਂ 15 ਅਤੇ 16 ਮਾਰਚ ਨੂੰ ਵਿਸ਼ਾਲ ਕਿਸਾਨ ਮੇਲਾ ਲਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਪ੍ਰਸਾਰ ਸਿੱਖਿਆ ਦੇ ਸਹਾਇਕ ਨਿਰਦੇਸ਼ਕ ਡਾ. ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ 2 ਦਿਨਾਂ ਤੱਕ ਚੱਲਣ ਵਾਲੇ ਇਸ ਮੇਲੇ 'ਚ ਉੱਤਰੀ ਭਾਰਤ 'ਚੋਂ ਇਕ ਲੱਖ ਤੋਂ ਵੀ ਜ਼ਿਆਦਾ ਕਿਸਾਨ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਵਲੋਂ ਆਧੁਨਿਕ ਤਕਨੀਕ ਦੀ ਜਾਣਕਾਰੀ ਦੇ ਨਾਲ-ਨਾਲ ਫਸਲਾਂ ਦੀਆਂ ਨਵੀਆਂ ਕਿਸਮਾਂ ਅਤੇ ਨਵੇਂ ਬੀਜ ਮੁਹੱਈਆ ਕਰਾਏ ਜਾਣਗੇ। ਖੇਤੀ ਉਤਪਾਦਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਵਲੋਂ 400 ਤੋਂ ਵਧੇਰੇ ਸਟਾਲ ਅਤੇ ਤਕਨੀਕੀ ਜਾਣਕਾਰੀ ਲਈ ਖਾਸ ਸਟੇਜ ਹੋਵੇਗੀ। ਇਸ ਮੇਲੇ 'ਚ ਉੱਨਤ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖੇਤੀ ਦੀ ਆਧੁਨਿਕ ਜਾਣਕਾਰੀ 'ਤੇ ਆਧਾਰਿਤ ਪ੍ਰਦਰਸ਼ਨੀ ਵੀ ਲਾਈ ਜਾਵੇਗੀ। 

Babita

This news is Content Editor Babita