ਕਰਜ਼ੇ ਤੇ ਬੈਂਕ ਵਾਲਿਆਂ ਤੋਂ ਪਰੇਸ਼ਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ, ਮੌਤ

07/21/2018 12:27:51 PM

ਮਾਛੀਵਾੜਾ ਸਾਹਿਬ (ਟੱਕਰ) : ਨੇੜ੍ਹਲੇ ਪਿੰਡ ਕਾਲਸ ਕਲਾਂ ਦੇ ਕਿਸਾਨ ਗੁਲਾਬ ਸਿੰਘ (50) ਦੀ 8 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਅਤੇ ਉਪਰੋਂ ਬੈਂਕ ਵਾਲਿਆਂ ਵਲੋਂ ਕਿਸ਼ਤਾਂ ਭਰਾਉਣ ਦਾ ਦਬਾਅ ਪਾਉਣ ਕਾਰਨ ਦਿਲ ਦਾ ਦੌਰਾ ਪੈਣ 'ਤੇ ਮੌਤ ਹੋ ਗਈ। ਮ੍ਰਿਤਕ ਕਿਸਾਨ ਗੁਲਾਬ ਸਿੰਘ ਦੇ ਲੜਕੇ ਰਮੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਆਪਣੀ ਡੇਢ ਏਕੜ ਜਮੀਨ ਹੈ, ਜਿਸ ਉਪਰ ਉਸ ਦੇ ਪਿਤਾ ਨੇ 5 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਤਾਂ ਉਸ ਦੇ ਪਿਤਾ ਨੇ ਇਹ ਕਰਜ਼ੇ ਦੀਆਂ ਕਿਸ਼ਤਾਂ ਭਰਾਉਣੀਆਂ ਬੰਦ ਕਰ ਦਿੱਤੀਆਂ। 
5 ਲੱਖ ਰੁਪਏ ਦਾ ਕਰਜ਼ਾ ਵਿਆਜ਼ ਪਾ ਕੇ 8 ਲੱਖ ਰੁਪਏ ਤੋਂ ਵਧ ਗਿਆ ਅਤੇ ਉਪਰੋਂ ਕਿਸ਼ਤਾਂ ਨਾ ਅਦਾ ਹੋਣ ਕਾਰਨ ਬੈਂਕ ਵਾਲਿਆਂ ਨੇ ਉਨ੍ਹਾਂ ਦੇ ਘਰ ਆ ਕੇ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਦੇ ਪਿਤਾ ਨੂੰ ਬੇਇੱਜ਼ਤ ਕਰਕੇ ਕਰਜ਼ੇ ਦੀਆਂ ਕਿਸ਼ਤਾਂ ਅਦਾ ਕਰਨ ਲਈ ਦਬਾਅ ਪਾਉਂਦੇ ਰਹੇ। ਰਮੇਸ਼ ਸਿੰਘ ਨੇ ਦੱਸਿਆ ਕਿ ਉਸ ਦਾ ਇੱਕ ਭਰਾ ਅਪਾਹਜ ਹੈ ਅਤੇ ਉਹ ਆਪ ਮਜ਼ਦੂਰੀ ਕਰਦਾ ਹੈ ਅਤੇ ਛੋਟੀ ਖੇਤੀ ਕਾਰਨ ਕਰਜ਼ਾ ਭਰਾਉਣ ਤੋਂ ਉਹ ਅਸਮਰੱਥ ਹੋ ਗਏ। 
ਲੱਖਾਂ ਰੁਪਏ ਦਾ ਕਰਜ਼ਾ ਤੇ ਉਪਰੋਂ ਬੈਂਕ ਵਾਲਿਆਂ ਵਲੋਂ ਘਰ ਚੱਕਰ ਮਾਰ ਕੇ ਉਸ ਦੇ ਪਿਤਾ ਨੂੰ ਬੇਇੱਜ਼ਤ ਕਰਨ ਕਾਰਨ ਉਸ ਦਾ ਪਿਤਾ ਪਰੇਸ਼ਾਨ ਰਹਿਣ ਲੱਗ ਪਿਆ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਿੰਡ ਕਾਲਸ ਕਲਾਂ ਦੇ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰਜ਼ੇ 'ਚ ਡੁੱਬੇ ਕਿਸਾਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਮ੍ਰਿਤਕ ਗੁਲਾਬ ਸਿੰਘ ਦਾ ਕਰਜ਼ਾ ਮੁਆਫ਼ ਕੀਤਾ ਜਾਵੇ।