ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

08/01/2019 8:27:42 PM

ਮੋਗਾ,(ਆਜ਼ਾਦ) : ਸ਼ਹਿਰ ਦੇ ਪਿੰਡ ਮਸੀਤਾਂ 'ਚ ਬਿਜਲੀ ਦੀ ਲਪੇਟ 'ਚ ਆ ਕੇ ਇਕ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਸਵੰਤ ਸਿੰਘ (58) ਜੋ ਦੋ ਬੱਚਿਆਂ ਦਾ ਪਿਤਾ ਸੀ, ਦੀ ਬਿਜਲੀ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਇਸ ਸਬੰਧ 'ਚ ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਵਲੋਂ ਮ੍ਰਿਤਕ ਦੇ ਭਰਾ ਬਲਵਿੰਦਰ ਸਿੰਘ ਦੇ ਬਿਆਨਾਂ 'ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜਸਵੰਤ ਸਿੰਘ ਆਪਣੇ ਕੁਝ ਹੋਰ ਸਾਥੀਆਂ ਦੇ ਨਾਲ ਖੇਤ ਵਿਚ ਮੋਟਰ ਦਾ ਪਾਈਪ ਕੱਢ ਰਹੇ ਸਨ ਅਤੇ ਜਦੋਂ ਹੀ ਉਹ ਲੋਹੇ ਦੀ ਪੌੜੀ ਲਗਾਉਣ ਲੱਗੇ ਤਾਂ ਪੌੜੀ ਉਪਰ ਜਾ ਰਹੀ ਬਿਜਲੀ ਦੀ ਤਾਰ ਨੂੰ ਛੂਹ ਗਈ, ਜਿਸ ਕਾਰਨ ਜਸਵੰਤ ਸਿੰਘ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਕਿਸਾਨ ਦੀ ਲਾਸ਼ ਦਾ ਅੱਜ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ ਗਈ।