ਕੁੱਝ ਮਹੀਨੇ ਪਹਿਲਾਂ ਵਿਦੇਸ਼ੋਂ ਪਰਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

08/14/2020 4:02:44 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਕੋਟਾਲਾ ਬੇਟ ਵਿਖੇ ਕਿਸਾਨ ਰਵਿੰਦਰ ਸਿੰਘ (36) ਨੇ ਫ਼ਾਹਾ ਲੈ ਕੇ ਘਰ ’ਚ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਬੀਤੇ ਕੁੱਝ ਸਾਲਾਂ ਤੋਂ ਅਰਬ ਦੇਸ਼ ਵਿਖੇ ਨੌਕਰੀ ਕਰਦਾ ਰਿਹਾ ਅਤੇ ਕੁੱਝ ਮਹੀਨੇ ਪਹਿਲਾਂ ਹੀ ਉਹ ਆਪਣੇ ਪਿੰਡ ਪਰਿਵਾਰ ਕੋਲ ਪਰਤ ਆਇਆ ਸੀ। ਪਿੰਡ ਆ ਕੇ ਉਹ ਸ਼ਰਾਬ ਦਾ ਸੇਵਨ ਜ਼ਿਆਦਾ ਕਰਨ ਲੱਗ ਪਿਆ ਅਤੇ ਪਿਛਲੇ 5 ਮਹੀਨਿਆਂ ਤੋਂ ਉਹ ਇਸ ਦਾ ਕਾਫ਼ੀ ਆਦੀ ਹੋ ਗਿਆ ਸੀ।

ਰਵਿੰਦਰ ਸਿੰਘ ਇੱਕ ਛੋਟਾ ਕਿਸਾਨ ਵੀ ਸੀ ਅਤੇ ਉਹ ਸਕੂਲ ਦੀ ਬੱਸ ਵੀ ਚਲਾਉਂਦਾ ਰਿਹਾ ਪਰ ਹੁਣ ਕੋਰੋਨਾ ਮਹਾਮਾਰੀ ਕਾਰਨ ਸਕੂਲ ਬੰਦ ਸਨ, ਜਿਸ ਕਾਰਣ ਉਹ ਨੌਕਰੀ ’ਤੇ ਵੀ ਨਹੀਂ ਜਾ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਸ਼ਰਾਬ ਦਾ ਸੇਵਨ ਜ਼ਿਆਦਾ ਕਰਨ ਕਾਰਨ ਰਵਿੰਦਰ ਸਿੰਘ ਪਰੇਸ਼ਾਨ ਸੀ ਅਤੇ ਉਸ ਨੇ ਘਰ ’ਚ ਹੀ ਖ਼ੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਵੱਲੋਂ ਰਵਿੰਦਰ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
 

Babita

This news is Content Editor Babita