ਕਿਸਾਨਾਂ ਲਈ ਕਿਸੇ ਸਮੇਂ ਵੀ ਬਣ ਸਕਦੀ ਹੈ ਮੁਸੀਬਤ

03/25/2018 3:34:57 AM

ਸੰਗਤ ਮੰਡੀ(ਮਨਜੀਤ)-ਬਠਿੰਡਾ ਰਜਬਾਹਾ ਤੇ ਕੋਟਗੁਰੂ ਕੱਸੀ ਤਿੰਨ ਦਿਨ ਪਹਿਲਾਂ ਪਿੰਡ ਨਰੂਆਣਾ ਤੇ ਘੁੱਦਾ ਵੱਲ ਟੁੱਟ ਕੇ ਕਿਸਾਨਾਂ ਲਈ ਪ੍ਰੇਸ਼ਾਨੀ ਖੜ੍ਹੀ ਕਰ ਚੁੱਕੇ ਹਨ ਪਰ ਹਾਲੇ ਵੀ ਨਹਿਰੀ ਵਿਭਾਗ ਵੱਲੋਂ ਇਸ ਤੋਂ ਸਬਕ ਨਹੀਂ ਲਿਆ ਗਿਆ। ਦੋਵਾਂ ਦੀ ਖਸਤਾ ਹਾਲਤ ਪਟਰੀ ਕਾਰਨ ਕਿਸੇ ਸਮੇਂ ਵੀ ਦੁਬਾਰਾ ਟੁੱਟ ਕੇ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਕਰ ਸਕਦੀਆਂ ਹਨ। ਕੋਟਗੁਰੂ ਕੱਸੀ ਦੇ ਦੋ ਮਹੀਨਿਆਂ 'ਚ ਦੋ ਵਾਰ ਟੁੱਟਣ ਕਾਰਨ ਉਸ ਦੇ ਨਵੀਨੀਕਰਨ ਲਈ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਪ੍ਰਸਾਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। 
ਬਠਿੰਡਾ ਰਜਬਾਹੇ ਦੀ ਖਸਤਾ ਹਾਲਤ ਲਾਈਨਿੰਗ ਕਿਸਾਨਾਂ ਲਈ ਬਣੀ ਮੁਸੀਬਤ
ਪਿਛਲੇ ਲਗਭਗ 40 ਸਾਲ ਪਹਿਲਾਂ ਬਣੇ ਬਠਿੰਡਾ ਰਜਬਾਹੇ ਦੀ ਬੁਰਜੀ ਨੰ. 61 ਤੇ 62 ਨਜ਼ਦੀਕ ਗੁਰੂਸਰ ਸੈਣੇਵਾਲਾ ਨਜ਼ਦੀਕ ਇਸ ਕਦਰ ਪਟਰੀ ਦੀ ਖਸਤਾ ਹਾਲਤ ਹੋ ਚੁੱਕੀ ਹੈ ਕਿ ਰਜਬਾਹੇ ਦੇ ਟੁੱਟਣ ਕਾਰਨ ਪੱਕਣ 'ਤੇ ਆਈ ਕਣਕ ਦੀ ਫਸਲ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਸਕਦਾ ਹੈ। ਟੁੱਟੇ ਰਜਬਾਹੇ ਦੇ ਪਾੜ ਨੂੰ ਪੂਰਨ ਲਈ ਕਿਸਾਨਾਂ ਵੱਲੋਂ ਮਿੱਟੀ ਵੀ ਆਪਣੀ ਕਣਕ ਦੀ ਫਸਲ ਦਾ ਨੁਕਸਾਨ ਕਰ ਕੇ ਖੇਤਾਂ 'ਚੋਂ ਚੁੱਕਣੀ ਪੈ ਰਹੀ ਹੈ। ਹਾਲੇ ਵੀ ਰਜਬਾਹੇ 'ਚ ਵਾਰ-ਵਾਰ ਪਾੜ ਪੈਣ ਕਾਰਨ ਜਿਥੇ ਪੱਕੀ ਲਾਈਨਿੰਗ ਪਾਣੀ ਦੇ ਵਹਾਅ 'ਚ ਬਹਿ ਗਈ, ਉਥੇ ਥਾਂ-ਥਾਂ ਪਈਆਂ ਵੱਡੀਆਂ ਤਰੇੜਾਂ ਕਾਰਨ ਰਜਬਾਹਾ ਕਦੇ ਵੀ ਦੁਬਾਰਾ ਟੁੱਟ ਕੇ ਪੱਕੀਆਂ ਕਣਕਾਂ ਦਾ ਨੁਕਸਾਨ ਕਰ ਸਕਦਾ ਹੈ। 
ਤਿੰਨ ਦਿਨ ਪਹਿਲਾਂ ਟੁੱਟੇ ਰਜਬਾਹੇ ਕਾਰਨ ਹਾਲੇ ਵੀ ਕਿਸਾਨਾਂ ਦੇ ਖ਼ੇਤਾਂ 'ਚ ਖੜ੍ਹਾ ਪਾਣੀ
ਤਿੰਨ ਦਿਨ ਪਹਿਲਾਂ ਟੁੱਟੇ ਬਠਿੰਡਾ ਰਜਬਾਹੇ ਕਾਰਨ ਕਿਸਾਨਾਂ ਦੀਆਂ ਫਸਲਾਂ 'ਚ ਇਸ ਕਦਰ ਪਾਣੀ ਭਰ ਗਿਆ ਕਿ ਹਾਲੇ ਵੀ ਸੁੱਕ ਨਹੀਂ ਸਕਿਆ। ਚੌਕੀਦਾਰ ਮੱਖਣ ਸਿੰਘ 'ਤੇ ਇਸ ਕਦਰ ਮਾਰ ਪਈ ਹੈ ਕਿ ਉਸ ਨੇ ਜ਼ਮੀਨ ਠੇਕੇ 'ਤੇ ਲੈ ਕੇ ਤਿੰਨ ਵਾਰ ਖਰਚਾ ਕਰ ਕੇ ਕਣਕ ਦੀ ਬਿਜਾਈ ਕੀਤੀ ਸੀ ਪਰ ਤਿੰਨੋ ਵਾਰ ਰਜਬਾਹੇ ਦੇ ਟੁੱਟ ਜਾਣ ਕਾਰਨ ਉਸ ਦਾ ਖੇਤ ਵਿਹਲਾ ਪਿਆ ਹੈ, ਜਿਸ ਕਾਰਨ ਉਕਤ ਕਿਸਾਨ ਕਰਜ਼ੇ ਦੀ ਮਾਰ ਥੱਲੇ ਆ ਗਿਆ। 
ਕੋਟਗੁਰੂ ਕੱਸੀ ਦੇ ਨਵੀਨੀਕਰਨ ਲਈ ਕਿਸਾਨਾਂ ਨੇ ਖੋਲ੍ਹਿਆ ਮੋਰਚਾ
ਕੋਟਗੁਰੂ ਕੱਸੀ ਦਾ ਦੋ ਮਹੀਨਿਆਂ 'ਚ ਦੋ ਵਾਰ ਘੁੱਦਾ ਵੱਲ ਟੁੱਟਣ ਕਾਰਨ ਫਸਲਾਂ ਦੇ ਹੋਏ ਨੁਕਸਾਨ ਤੋਂ ਦੁਖੀ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਨੌਜਵਾਨ ਭਾਰਤ ਸਭਾ ਦੇ ਸਹਿਯੋਗ ਨਾਲ ਕੱਸੀ ਦੇ ਨਵੀਨੀਕਰਨ ਨੂੰ ਲੈ ਕੇ ਅੱਜ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਵੱਲੋਂ ਇਹ ਫੈਸਲਾ ਵੀ ਕੀਤਾ ਗਿਆ ਕਿ 27 ਮਾਰਚ ਨੂੰ ਕਿਸਾਨਾਂ ਦਾ ਇਕ ਵਫ਼ਦ ਨਹਿਰੀ ਵਿਭਾਗ ਦੇ ਐਕਸੀਅਨ ਤੇ ਸਰਹੰਦ ਨਹਿਰ ਬਠਿੰਡਾ ਮੰਡਲ ਨੂੰ ਮਿਲ ਕੇ ਕੱਸੀ ਦਾ ਦੁਬਾਰਾ ਨਿਰਮਾਣ ਕਰਨ ਲਈ ਕਿਹਾ ਜਾਵੇਗਾ। ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਕੱਸੀ ਦੇ ਟੁੱਟਣ ਕਾਰਨ ਵਿਭਾਗ ਵੱਲੋਂ ਕਿਸਾਨਾਂ ਦੀਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਕਰਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਵੱਲੋਂ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਗਿਆ ਕਿ ਜੇਕਰ ਸਬੰਧਤ ਵਿਭਾਗ ਵੱਲੋਂ ਕੱਸੀ ਵੱਲ ਜਲਦੀ ਗੌਰ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਕੀ ਕਹਿਣਾ ਹੈ ਨਹਿਰੀ ਵਿਭਾਗ ਦੇ ਐਕਸੀਅਨ ਦਾ
ਜਦ ਇਸ ਪੂਰੇ ਮਾਮਲੇ ਬਾਰੇ ਨਹਿਰੀ ਵਿਭਾਗ ਦੇ ਐਕਸੀਅਨ ਗੁਰਜਿੰਦਰ ਬਾਹੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਬਠਿੰਡਾ ਰਜਬਾਹੇ ਦੀ ਲਾਈਫ਼ ਖ਼ਤਮ ਹੋ ਚੁੱਕੀ ਹੈ, ਨਵੀਨੀਕਰਨ ਲਈ ਪ੍ਰਪੋਜ਼ਲ ਭੇਜੀ ਹੈ, ਇਹ ਮਾਮਲਾ ਅਫ਼ਸਰਾਂ ਦੇ ਵੀ ਧਿਆਨ 'ਚ ਹੈ। ਉਨ੍ਹਾਂ ਕਿਹਾ ਕਿ ਰਜਬਾਹੇ ਦੀ ਜਿਥੇ ਪਟੜੀ ਕਮਜ਼ੋਰ ਹੈ ਉਥੇ ਉਸ ਨੂੰ ਨਰੇਗਾ ਵਾਲੇ ਮਜ਼ਦੂਰ ਲਾ ਕੇ ਸਖਤ ਕਰ ਦਿੱਤਾ ਜਾਵੇ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਵਾਰ ਰਜਬਾਹੇ ਦਾ ਬਜਟ ਪਾਸ ਹੋ ਜਾਵੇ। ਜਦ ਉਨ੍ਹਾਂ ਤੋਂ ਕੋਟਗੁਰੂ ਵਾਲੀ ਕੱਸੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ, ਜੇਕਰ ਕੱਸੀ ਦਾ ਕੁਝ ਹਿੱਸਾ ਬਣਨ ਤੋਂ ਰਹਿ ਗਿਆ ਹੈ ਤਾਂ ਉਸ ਨੂੰ ਵੀ ਦੁਬਾਰਾ ਬਣਾ ਦਿੱਤਾ ਜਾਵੇਗਾ।