50 ਫੁੱਟ ਪਾੜ ਪੈਣ ਕਾਰਨ 100 ਏਕੜ ਖੇਤਾਂ ਵਿਚ ਭਰਿਆ ਪਾਣੀ

11/22/2017 3:20:08 AM

ਤਲਵੰਡੀ ਸਾਬੋ(ਮੁਨੀਸ਼)-ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਜਗਾ 'ਚੋਂ ਲੰਘਦੇ ਸੰਦੋਹਾ ਬ੍ਰਾਂਚ ਦੇ ਰਜਬਾਹੇ ਵਿਚ ਅੱਜ ਸਵੇਰੇ ਵੱਡਾ ਪਾੜ ਪੈਣ ਨਾਲ ਕਿਸਾਨਾਂ ਦੇ ਸੈਂਕੜੇ ਏਕੜ ਖੇਤਾਂ 'ਚ ਪਾਣੀ ਭਰ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਗੁਰੂਸਰ ਜਗਾ ਵਿਖੇ ਮੰਗਲਵਾਰ ਨੂੰ ਸਵੇਰੇ ਰਜਬਾਹੇ ਵਿਚ ਕਰੀਬ 50 ਫੁੱਟ ਪਾੜ ਪੈਣ ਨਾਲ ਕਿਸਾਨਾਂ ਦੀਆਂ 100 ਏਕੜ ਦੇ ਕਰੀਬ ਫਸਲਾਂ ਵਿਚ ਤਿੰਨ-ਤਿੰਨ ਫੁੱਟ ਪਾਣੀ ਭਰ ਗਿਆ। ਕਿਸਾਨ ਭਾਗ ਸਿੰਘ ਕਾਕਾ ਨੇ ਦੱਸਿਆ ਕਿ ਉਨ੍ਹਾਂ ਦੇ 5 ਏਕੜ ਨਰਮੇ ਦੀ ਫਸਲ ਬਿਲਕੁੱਲ ਪੱਕ ਕੇ ਤਿਆਰ ਖੜ੍ਹੀ ਸੀ, ਜਿਸ ਵਿਚੋਂ ਨਰਮੇ ਦੀ ਚੁਕਾਈ ਕੀਤੀ ਜਾਣੀ ਸੀ ਪਰ ਅੱਜ ਪਏ ਪਾੜ ਕਰ ਕੇ ਉਨ੍ਹਾਂ ਦੀ ਪੱਕੀ ਫਸਲ ਨਾ ਹੀ ਚੁੱਕਣ ਦੇ ਕਾਬਲ ਰਹਿਣੀ ਹੈ ਤੇ ਇਹ ਬਿਲਕੁਲ ਖਰਾਬ ਹੋ ਗਈ। ਪਿੰਡ ਦੇ ਕਿਸਾਨ ਜਸਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਕਰੀਬ 30 ਏਕੜ ਅਤੇ ਇਕ ਹੋਰ ਕਿਸਾਨ ਨੇ 35 ਏਕੜ ਜ਼ਮੀਨ ਵਿਚ ਮਹਿੰਗੇ ਭਾਅ ਦੇ ਕਣਕ ਦੇ ਬੀਜ ਦੀ ਬਿਜਾਈ ਕੀਤੀ ਸੀ ਪਰ ਹੁਣ ਉਨ੍ਹਾਂ ਦੇ ਖੇਤਾਂ ਵਿਚ ਭਰੇ ਪਾਣੀ ਨਾਲ ਜਿੱਥੇ ਉਨ੍ਹਾਂ ਨੂੰ ਦੁਬਾਰਾ ਤੋਂ ਬਿਜਾਈ ਕਰਨੀ ਉਹ ਵੀ ਅਜੇ ਕਰੀਬ 10 ਦਿਨ ਬਾਅਦ, ਜਿਸ ਨਾਲ ਉਨ੍ਹਾਂ ਦੇ ਕਣਕ ਦੇ ਝਾੜ 'ਤੇ ਵੀ ਅਸਰ ਪਵੇਗਾ। ਇਸ ਤੋਂ ਇਲਾਵਾ ਹੋਰ ਵੀ ਕਈ ਕਿਸਾਨਾਂ ਦੇ ਨਰਮੇ ਦੀ ਫਸਲ ਦੇ ਨਾਲ-ਨਾਲ ਹੁਣ ਹੀ ਬਿਜਾਈ ਕੀਤੀ ਕਣਕ ਦੀ ਬੀਜ ਦਾ ਵੀ ਨੁਕਸਾਨ ਹੋ ਗਿਆ ਹੈ। ਕਿਸਾਨਾਂ ਨੇ ਪਾੜ ਕਰਕੇ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਹਨ ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲਾ ਆਗੂ ਸਰੂਪ ਸਿੰਘ ਸਿੱਧੂ ਨੇ ਪਾੜ ਦਾ ਕਾਰਨ ਨਹਿਰੀ ਵਿਭਾਗ ਦੀ ਅਣਗਹਿਲੀ ਦੱਸਦਿਆਂ ਕਿਹਾ ਕਿ ਜਦੋਂ ਹੁਣ ਕਿਸਾਨਾਂ ਨੂੰ ਪਾਣੀ ਦੀ ਜ਼ਰੂਰਤ ਘੱਟ ਹੈ ਤਾਂ ਉਸ ਅਨੁਸਾਰ ਪਾਣੀ ਹੈੱਡ ਤੋਂ ਛੁਡਵਾਉਣਾ ਚਾਹੀਦਾ ਹੈ ਤੇ ਜ਼ਿਆਦਾ ਪਾਣੀ ਆਉਣ ਸਮੇਂ ਵੀ ਬੇਲਦਾਰਾਂ ਨੂੰ ਇਸ ਦੀ ਨਜ਼ਰਸਾਨੀ ਕਰਨੀ ਚਾਹੀਦੀ ਹੈ।