ਕਿਸਾਨ ਜਥੇਬੰਦੀ ਨੇ ਫੂਕਿਆ ਪੁਤਲਾ

10/24/2017 5:44:03 AM

ਤਰਨਤਾਰਨ,  (ਰਾਜੂ)-  ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ਿਲਾ ਕਮੇਟੀ ਤਰਨਤਾਰਨ ਦੇ ਆਗੂਆਂ ਦੀ ਮੀਟਿੰਗ ਜ਼ਿਲਾ ਪ੍ਰਸ਼ਾਸਨ ਸਵਿੰਦਰ ਸਿੰਘ ਚੁਤਾਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਕਾਹਨ ਸਿੰਘ ਪਿੰਡ ਪਿੱਦੀ ਵਿਖੇ ਹੋਈ। 
ਜਾਣਕਾਰੀ ਦਿੰੰਦਿਆਂ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਸਿੱਧਵਾਂ ਨੇ ਦੱਸਿਆ ਕਿ ਮੀਟਿੰਗ 'ਚ ਕੈਪਟਨ ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ-ਮਜ਼ਦੂਰਾਂ ਵਿਰੋਧੀ ਲਏ ਗਏ ਫੈਸਲਿਆਂ ਦੀ ਸਖਤ ਨਿਖੇਧੀ ਕਰਦਿਆਂ ਮਤੇ ਪਾਸ ਕਰ ਕੇ ਮੰਗ ਕੀਤੀ ਗਈ ਕਿ ਕੈਪਟਨ ਸਰਕਾਰ ਵੱਲੋਂ ਅੰਸ਼ਿਕ ਰੂਪ 'ਚ ਕੀਤੀ ਗਈ ਫਸਲੀ ਕਰਜ਼ਾ ਮੁਆਫੀ ਨੂੰ ਰੱਦ ਕੀਤਾ ਜਾਵੇ ਤੇ ਕਿਸਾਨਾਂ-ਮਜ਼ਦੂਰਾਂ ਦਾ ਚੋਣ ਵਾਅਦੇ ਮੁਤਾਬਕ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ। ਇਕ ਹੋਰ ਮਤਾ ਪਾਸ ਕਰ ਕੇ ਕੈਪਟਨ ਸਰਕਾਰ ਵੱਲੋਂ 800 ਪ੍ਰਾਇਮਰੀ ਸਕੂਲ ਬੰਦ ਕਰਨ, ਘਰੇਲੂ ਬਿਜਲੀ ਬਿੱਲਾਂ 'ਚ 9.33 ਫੀਸਦੀ ਦਰਾਂ ਵਿਚ ਵਾਧਾ ਕਰ ਕੇ ਖਪਤਕਾਰਾਂ 'ਤੇ ਵੱਡਾ ਆਰਥਕ ਬੋਝ ਪਾਉਣਾ ਤੇ ਮੋਦੀ ਸਰਕਾਰ ਵੱਲੋਂ ਟਰੈਕਟਰਾਂ 'ਤੇ 30,000 ਰੁਪਏ ਸਾਲਾਨਾ ਰੋਡ ਟੈਕਸ ਲਾਉਣ ਦੇ ਲੋਕ ਵਿਰੋਧੀ ਫੈਸਲੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। 
ਮੀਟਿੰਗ ਉਪਰੰਤ ਰਸੂਲਪੁਰ ਨਹਿਰਾ ਨਜ਼ਦੀਕ ਸੜਕ 'ਤੇ ਆਵਾਜਾਈ ਠੱਪ ਕਰ ਕੇ ਪੰਜਾਬ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਸਮੇਂ ਜ਼ਿਲਾ ਸਕੱਤਰ ਜਸਬੀਰ ਸਿੰਘ, ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਤੇ ਗੁਰਲਾਲ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਆਰਥਕ ਤੰਗੀਆਂ ਝੱਲ ਰਹੇ ਕਿਸਾਨਾਂ-ਮਜ਼ਦੂਰਾਂ 'ਤੇ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਵੱਡਾ ਆਰਥਕ ਬੋਝ ਪਾ ਕੇ ਹੋਰ ਉਨ੍ਹਾਂ ਨੂੰ ਖੁਦਕੁਸ਼ੀਆਂ ਵੱਲ ਧੱਕਣ ਦਾ ਕੰਮ ਕੀਤਾ ਹੈ। ਰੈਗੂਲੇਟਰੀ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬਿਜਲੀ ਦਰਾਂ 'ਚ ਵੱਡਾ ਵਾਧਾ ਕਰ ਕੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਤੋਂ ਵਾਂਝੇ ਕਰਨ ਤੇ 800 ਸਕੂਲ ਬੰਦ ਕਰ ਕੇ ਹਜ਼ਾਰਾਂ ਕਰਮਚਾਰੀਆਂ ਤੇ ਬੱਚਿਆਂ ਦਾ ਭਵਿੱਖ ਤਬਾਹ ਕਰ ਦਿੱਤਾ ਗਿਆ ਹੈ। ਸਰਕਾਰ ਦੇ ਇਨ੍ਹਾਂ ਫੈਸਲਿਆਂ ਨਾਲ ਨਿੱਜੀਕਰਨ ਨੂੰ ਬੜ੍ਹਾਵਾ ਮਿਲੇਗਾ ਤੇ ਸਿੱਖਿਆ ਹੋਰ ਮਹਿੰਗੀ ਹੋ ਜਾਵੇਗੀ। ਕਿਸਾਨ ਜਥੇਬੰਦੀ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਜਲਦੀ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। 
ਇਸ ਮੌਕੇ ਸੁੱਖਾ ਸਿੰਘ, ਚਰਨ ਸਿੰਘ, ਮੇਹਰ ਸਿੰਘ, ਸਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਦਿਆਲ ਸਿੰਘ, ਦਲਬੀਰ ਸਿੰਘ, ਜਵਾਹਰ ਸਿੰਘ, ਕੁਲਵਿੰਦਰ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।