ਕਿਸਾਨਾਂ ਦਾ ਸਰਕਾਰ ਖਿਲਾਫ ਪ੍ਰਦਰਸ਼ਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ

10/13/2017 5:55:57 PM

ਮੰਡੀ ਲਾਧੂਕਾ (ਸੰਧੂ) : ਸੂਬਾ ਸਰਕਾਰ ਵਲੋਂ ਝੋਨੇ ਦੀ ਪਰਾਲੀ ਨੂੰ ਸਾੜਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਹੁਕਮਾਂ  ਤੋਂ ਬਾਅਦ ਕਿਸਾਨ ਸਰਕਾਰ ਦੇ ਇਸ ਫੁਰਮਾਨ ਨੂੰ ਕਿਸੇ ਵੀ ਕੀਮਤ 'ਤੇ ਮੰਨਣ ਨੂੰ ਤਿਆਰ ਹੁੰਦੇ ਦਿਖਾਈ ਨਹੀਂ ਦੇ ਰਹੇ ਹਨ। ਜਿਸਦੇ ਚਲਦਿਆਂ ਸ਼ੁੱਕਰਵਾਰ ਨੂੰ ਕਿਸਾਨ ਯੂਨੀਅਨ, ਸੀ. ਪੀ. .ਆਈ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਵਲੋਂ ਅਨਾਜ ਮੰਡੀ ਵਿਚ ਇਕੱਠ ਕਰਕੇ ਸਰਕਾਰ ਫੁਰਮਾਨ ਵਿਰੁੱਧ ਨਾਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਯੂਨੀਅਨ ਵਲੋਂ ਮੁੱਖ ਮਾਰਗ 'ਤੇ ਕੁੱਝ ਦੇਰ ਲਈ ਚੱਕਾ ਜਾਮ ਕੀਤਾ ਗਿਆ ਅਤੇ ਬਾਅਦ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ। ਰੋਸ ਧਰਨੇ ਤੋਂ ਬਾਅਦ ਤਹਿਸੀਲਦਾਰ ਫਾਜ਼ਿਲਕਾ ਦਰਸ਼ਨ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆਂ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵਾਤਾਵਰਣ ਲਈ ਗੰਭੀਰ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਕਿਸਾਨਾਂ ਦੀ ਸਮੱਸਿਆ ਨੂੰ ਸੁਣਨਾ ਅਤੇ ਸਮਝਣਾ ਪਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਪਰਾਲੀ ਦਾ ਪ੍ਰਬੰਧ ਕਰਨ ਲਈ ਕੋਈ ਵੀ ਫੈਕਟਰੀ ਜਾਂ ਹੋਰ ਬੰਦੋਬਸਤ ਨਹੀਂ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਬਿਨਾ ਉਸਨੂੰ ਜ਼ਮੀਨ ਵਿਚ ਨਸ਼ਟ ਕਰਨਾ ਸੋਖਾ ਨਹੀਂ ਹੈ। ਇਸ ਲਈ ਕਿਸਾਨਾਂ ਨੂੰ ਬਹੁਤ ਵੱਧ ਪੈਸੇ ਖਰਚ ਕਰਨੇ ਪੈਣਗੇ। ਕਿਸਾਨਾਂ ਨੇ ਦੱਸਿਆ ਕਿ ਸਰਕਾਰ ਕਿਸਾਨਾਂ 'ਤੇ ਜ਼ਬਰਨ ਹੁਕਮ ਲਾਗੂ ਕਰਨਾ ਚਾਹੁੰਦੀ ਹੈ ਜਦਕਿ ਕਿਸਾਨ ਇਹੀ ਚਾਹੁੰਦੇ ਹਨ ਕਿ ਸਰਕਾਰ ਪਰਾਲੀ ਨੂੰ ਸਾਂਭਣ ਲਈ ਕੋਈ ਪੁਖਤਾ ਪ੍ਰਬੰਧ ਕਰੇ ਤਾਂ ਜੋ ਦੋਹਾਂ ਪਹਿਲੂਆਂ ਤੇ ਤਰੀਕੇ ਨਾਲ ਕੰਮ ਹੋ ਸਕੇ।