ਖੇਤਾਂ ਵਿਚੋਂ ਲੰਘਦੀਆਂ ਢਿੱਲੀਆਂ ਤਾਰਾਂ ਨੇ ਕਿਸਾਨਾਂ ਦੇ ਸਾਹ ਸੁੱਕਣੇ ਪਾਏ

04/17/2018 7:34:14 AM

ਸਮਰਾਲਾ  (ਬੰਗੜ, ਗਰਗ) - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਭ ਤੋਂ ਵੱਡੀ ਨਾਲਾਇਕੀ ਹੈ ਕਿ ਪੰਜਾਬ ਦੇ ਖੇਤਾਂ ਵਿਚ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਅੱਗ ਲੱਗਣ ਦਾ ਸਿਲਸਿਲਾ ਪਿਛਲੇ ਸੀਜ਼ਨਾਂ ਵਾਂਗ ਫਿਰ ਤੋਂ ਸ਼ੁਰੂ ਹੋ ਚੁੱਕਿਆ ਹੈ। ਮੌਸਮਾਂ ਅਤੇ ਆਰਥਿਕਤਾ ਦੀ ਮਾਰ ਝੱਲਦੀ ਸੂਬੇ ਦੀ ਕਿਸਾਨੀ ਅੱਜ ਸੋਨੇ ਵਰਗੀ ਤਿਆਰ ਹੋਈ ਕਣਕ ਦੀ ਫਸਲ ਨੂੰ ਬਚਾਉਣ ਲਈ ਫਿਕਰ ਦੇ ਆਲਮ ਹੇਠ ਆ ਚੁੱਕੀ ਹੈ। ਇਕ ਪਾਸੇ ਮੀਂਹ-ਹਨੇਰੀਆਂ ਦਾ ਫਿਕਰ ਤੇ ਦੂਜੇ ਪਾਸੇ ਖੇਤਾਂ ਵਿਚੋਂ ਲੰਘਦੀਆਂ ਪਾਵਰਕਾਮ ਦੀਆਂ ਤਾਰਾਂ 'ਚੋਂ ਨਿਕਲਦੀਆਂ ਚੰਗਿਆੜੀਆਂ ਦੀ ਚਿੰਤਾ, ਪਾਵਰਕਾਮ ਦੀ ਇਹ ਨਾਲਾਇਕੀ ਵਰ੍ਹੇ ਦਰ ਵਰ੍ਹੇ ਚੱਲੀ ਆ ਰਹੀ ਹੈ। ਕਣਕ ਦੇ ਸੀਜ਼ਨ ਤੋਂ ਪਹਿਲਾਂ ਜਾਂ ਫਿਰ ਬਾਅਦ ਵਿਚ ਪਾਵਰਕਾਮ ਵੱਲੋਂ ਢਿੱਲੀਆਂ ਤਾਰਾਂ ਨੂੰ ਕੱਸਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। ਜਦੋਂ ਫਿਰ ਢਿੱਲੀਆਂ ਤਾਰਾਂ 'ਚੋਂ ਨਿਕਲਦੀਆਂ ਚੰਗਿਆੜੀਆਂ ਕਾਰਨ ਖੜ੍ਹੀਆਂ ਫਸਲਾਂ ਪਲਾਂ ਵਿਚ ਸੜ ਕੇ ਸੁਆਹ ਹੋਣ ਲਗਦੀਆਂ ਹਨ ਤਾਂ ਪਾਵਰਕਾਮ ਇਸ ਦਾ ਅਨੋਖਾ ਹੱਲ ਕੱਢਦਾ ਹੈ ਕਿ ਚੁੱਪ-ਚਾਪ ਪਾਵਰਕੱਟ ਲਾ ਕੇ ਬੇਫਿਕਰੀ ਦੀ ਨੀਂਦ ਸੌਂਇਆ ਜਾਵੇ। ਪਾਵਰਕਾਮ ਦਾ ਇਹ ਫਾਰਮੂਲਾ ਹੁਣ ਕਣਕ ਦੀ ਕਟਾਈ ਮੌਕੇ ਲਾਗੂ ਹੋ ਚੁੱਕਾ ਹੈ। ਇਲਾਕੇ ਵਿਚ ਸਾਰਾ ਦਿਨ ਬਿਜਲੀ ਬੰਦ ਰਹਿਣ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਖੇਤਾਂ ਵਿਚ ਖੜ੍ਹੀ ਕਣਕ ਦੀ ਸੁੱਕੀ ਫਸਲ ਨੂੰ ਬਚਾਉਣ ਲਈ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਪਾਵਰਕਾਮ ਦੀਆਂ ਢਿੱਲੀਆਂ ਤਾਰਾਂ 'ਚੋਂ ਸਪਾਰਕਿੰਗ ਹੋਣ ਕਾਰਨ ਕਣਕ ਦੀਆਂ ਖੜ੍ਹੀਆਂ ਫਸਲਾਂ ਅੱਗ ਦੇ ਮੂੰਹ ਵਿਚ ਪੈਣ ਦੀਆਂ ਦੁੱਖਦਾਈ ਖ਼ਬਰਾਂ ਦਾ ਸਿਲਸਿਲਾ ਪਿਛਲੇ ਸੀਜ਼ਨਾਂ ਵਾਂਗ ਸ਼ੁਰੂ ਹੋ ਚੁੱਕਾ ਹੈ। ਖੇਤਾਂ ਵਿਚ ਖੜ੍ਹੇ ਵਿੰਗੇ-ਟੇਡੇ ਖੰਭੇ ਅਤੇ ਢਿੱਲੀਆਂ ਤਾਰਾਂ ਸਿਰਫ ਫਸਲਾਂ ਲਈ ਹੀ ਨਹੀਂ, ਸਗੋਂ ਇਨਸਾਨਾਂ ਲਈ ਵੀ ਜਾਨ ਦਾ ਖੌਅ ਬਣੀਆਂ ਹੋਈਆਂ ਹਨ। ਇਨ੍ਹਾਂ ਢਿੱਲੀਆਂ ਤਾਰਾਂ ਵਿਚੋਂ ਹੀ ਡਿਗਣ ਵਾਲੀਆਂ ਚੰਗਿਆੜੀਆਂ ਫਸਲਾਂ ਨੂੰ ਸਾੜ ਕੇ ਸੁਆਹ ਕਰ ਰਹੀਆਂ ਹਨ। ਪਿਛਲੇ 2-4 ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਕਣਕ ਦੀ ਫਸਲ ਵਿਚ ਅੱਗ ਲੱਗਣ ਦਾ ਦੁੱਖਦਾਈ ਸਿਲਸਿਲਾ ਆਰੰੰਭ ਹੋਣ ਦੇ ਨਾਲ ਹੀ ਪਾਵਰਕਾਮ ਵੱਲੋਂ ਬਿਜਲੀ ਨੂੰ ਪਾਵਰਕੱਟ ਲਾ ਕੇ ਆਪਣੀ ਅਣਗਹਿਲੀ ਨੂੰ ਲੁਕਾਉਣ ਦਾ ਰਵਾਇਤੀ ਫਾਰਮੂਲਾ ਅਖ਼ਤਿਆਰ ਕਰ ਲਿਆ ਗਿਆ ਹੈ।
ਬਾਕੀ ਫਸਲਾਂ ਹੋਣਗੀਆਂ ਪ੍ਰਭਾਵਿਤ
ਪਾਵਰਕਾਮ ਵੱਲੋਂ ਪਾਵਰਕੱਟ ਲਾਉਣ ਦੇ ਸਿਲਸਿਲੇ ਨਾਲ ਜਿਥੇ ਇਕ ਪਾਸੇ ਸੁੱਕੀ ਕਣਕ ਦੀ ਫਸਲ ਨੂੰ ਬਚਾਉਣ ਦਾ ਯਤਨ ਸ਼ੁਰੂ ਹੋਵੇਗਾ, ਉਸਦੇ ਨਾਲ ਹੀ ਉਥੇ ਕਮਾਦ, ਮੱਕੀ ਤੇ ਸਬਜ਼ੀ ਵਗੈਰਾ ਦੀਆਂ ਫਸਲਾਂ ਪ੍ਰਭਾਵਿਤ ਹੋਣਗੀਆਂ। ਐਨਾ ਹੀ ਨਹੀਂ, ਬਾਕੀ ਜਨ-ਜੀਵਨ ਅਤੇ ਵਪਾਰਕ ਅਦਾਰੇ ਵੀ ਇਸ ਦਾ ਖਮਿਆਜ਼ਾ ਭੁਗਤਣਗੇ। ਖੇਤੀਬਾੜੀ ਮਾਹਿਰਾਂ ਅਨੁਸਾਰ ਮੱਕੀ ਦੀ ਫਸਲ, ਕਮਾਦ, ਚਾਰਾ ਜਾਂ ਫਿਰ ਹੋਰ ਸਬਜ਼ੀਆਂ ਦੀ ਫਸਲ ਦੀ ਸਿੰਚਾਈ ਲਈ ਲੋੜੀਂਦਾ ਪਾਣੀ ਫਸਲਾਂ ਨੂੰ ਮਿਲਣਾ ਬੰਦ ਹੋ ਚੁੱਕਾ ਹੈ। ਇਸ ਤੋਂ ਇਲਾਵਾ ਆਮ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਵਸਨੀਕ ਵੀ ਬਿਜਲੀ ਕੱਟਾਂ ਤੋਂ ਤੰਗ ਆਉਂਦੇ ਹਨ।
ਕੁਝ ਦਿਨ ਹੋਰ ਬਿਜਲੀ ਰਹੇਗੀ ਬੰਦ : ਐਕਸੀਅਨ ਸੁਖਜੀਤ ਸਿੰਘ
ਪਾਵਰਕਾਮ ਦੇ ਐਕਸੀਅਨ ਸੁਖਜੀਤ ਸਿੰਘ ਨਾਲ ਜਦੋਂ ਬਿਜਲੀ ਦੇ ਕੱਟਾਂ ਤੇ ਢਿੱਲੀਆਂ ਤਾਰਾਂ ਦੇ ਸਬੰਧ ਵਿਚ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਤੇ ਤੇਜ਼ ਹਵਾਵਾਂ ਨੂੰ ਧਿਆਨ 'ਚ ਰੱਖਦਿਆਂ ਕੁਝ ਦਿਨ ਹੋਰ ਬਿਜਲੀ ਦੇ ਕੱਟ ਲਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਢਿੱਲੀਆਂ ਤਾਰਾਂ ਨੂੰ ਕੱਸਣ ਲਈ ਵਿਭਾਗ ਵੱਲੋਂ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਦੀ ਕਟਾਈ ਤੋਂ ਬਾਅਦ ਖਾਲੀ ਹੋਏ ਖੇਤਾਂ ਦੌਰਾਨ ਢਿੱਲੀਆਂ ਤਾਰਾਂ ਨੂੰ ਕੱਸਣ ਦਾ ਕੰਮ ਆਰੰਭ ਕੀਤਾ ਜਾਵੇਗਾ ਕਿਉਂਕਿ ਖਾਲੀ ਖੇਤਾਂ ਦੌਰਾਨ ਹੀ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ ਜਾ ਸਕਦਾ ਹੈ।
ਪਾਵਰਕਾਮ ਸਿਰੇ ਦਾ ਨਿਕੰਮਾ ਵਿਭਾਗ ਬਣਿਆ- ਰਾਜੇਵਾਲ
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਸ. ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਥੇ ਨਾ ਸਰਕਾਰਾਂ ਤੇ ਨਾ ਕੋਈ ਕਾਇਦਾ-ਕਾਨੂੰਨ ਹੈ, ਪਾਵਰਕਾਮ ਸਿਰੇ ਦਾ ਨਿਕੰਮਾ ਵਿਭਾਗ ਬਣਿਆ ਹੋਇਆ ਹੈ। ਹਰ ਸਾਲ ਸੈਂਕੜੇ ਖੇਤਾਂ ਨੂੰ ਬਿਜਲੀ ਦੀਆਂ ਤਾਰਾਂ ਤੋਂ ਲਗਦੀਆਂ ਅੱਗਾਂ ਤੋਂ ਬਾਅਦ ਕਿਸੇ ਵੀ ਕਿਸਾਨ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਦੀ ਫਸਲ ਸੜਦੀ ਹੈ, ਫਿਰ ਮੁਆਵਜ਼ੇ ਦਾ ਰੌਲਾ ਪੈਂਦਾ ਹੈ, ਉਸ ਤੋਂ ਬਾਅਦ ਜਾਂਚ ਵਿਚ ਸਾਬਿਤ ਕਰ ਦਿੱਤਾ ਜਾਂਦਾ ਹੈ ਕਿ ਇਹ ਅੱਗ ਬਿਜਲੀ ਦੀਆਂ ਤਾਰਾਂ ਤੋਂ ਨਹੀਂ ਲੱਗੀ ਹੈ। ਪਾਵਰਕਾਮ ਅਤੇ ਸਰਕਾਰਾਂ ਦਾ ਕਿਸਾਨਾਂ ਨਾਲ ਇਹ ਘੋਰ ਅਨਿਆਂ ਹੈ।
ਫਸਲਾਂ ਨੂੰ ਅੱਗ ਤੋਂ ਬਚਾਉਣ ਲਈ ਕਿਸਾਨ ਹੋਣ ਜਾਗਰੂਕ
ਕਣਕ ਦੇ ਖੇਤਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਿਸਾਨਾਂ ਨੂੰ ਅਗਾਊਂ ਜਾਗਰੂਕਤਾ ਪ੍ਰਬੰਧ ਕਰਨੇ ਚਾਹੀਦੇ ਹਨ। ਸਭ ਤੋਂ ਪਹਿਲਾਂ ਜਿਨ੍ਹਾਂ ਖੇਤਾਂ ਵਿਚ ਬਿਜਲੀ ਦੇ ਟਰਾਂਸਫਾਰਮਰ ਖੜ੍ਹੇ ਹਨ, ਉਨ੍ਹਾਂ ਦੇ ਆਲੇ-ਦੁਆਲਿਓਂ ਕਣਕ ਦੀ ਫਸਲ ਨੂੰ ਕੱਟ ਕੇ ਰੜਾ ਮੈਦਾਨ ਕੀਤਾ ਜਾਵੇ। ਫਾਇਰ ਬਿਗ੍ਰੇਡ ਦੀ ਮਦਦ ਲਈ ਹਰ ਕਿਸਾਨ ਨੂੰ 101 ਨੰਬਰ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਸਬੰਧਤ ਗੁਰਦੁਆਰਿਆਂ ਦੇ ਪਾਠੀ ਸਿੰਘਾਂ ਦਾ ਸੰਪਰਕ ਨੰਬਰ ਵੀ ਕੋਲ ਰੱਖਿਆ ਜਾਵੇ, ਤਾਂ ਜੋ ਅਣਸੁਖਾਵੀਂ ਘਟਨਾ ਵਾਪਰਨ 'ਤੇ ਮਦਦ ਲਈ ਤੁਰੰਤ ਅਨਾਊਂਸਮੈਂਟ ਕਰਵਾਈ ਜਾ ਸਕੇ। ਬੀੜੀ-ਸਿਗਰਟ ਪੀਣ ਵਾਲੇ ਮਜ਼ਦੂਰ ਤੇ ਚੰਗਿਆੜੀ ਸੁੱਟਣ ਵਾਲੀ ਕੋਈ ਵੀ ਮਸ਼ੀਨਰੀ ਨੂੰ ਕਣਕ ਦੇ ਖੇਤਾਂ ਤੋਂ ਦੂਰ ਰੱਖਿਆ ਜਾਵੇ।