ਪੰਜਾਬ ''ਚ ''ਖੇਤ ਮਜ਼ਦੂਰਾਂ'' ਦਾ ਵੀ ਕਰਜ਼ਾ ਹੋਵੇਗਾ ਮੁਆਫ!

01/04/2019 12:39:00 PM

ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਹੁਣ ਖੇਤ ਮਜ਼ਦੂਰਾਂ ਦਾ ਕਰਜ਼ਾ ਵੀ ਮੁਆਫ ਕਰਨ ਦੀ ਯੋਜਨਾ ਬਣਾ ਰਹੀ ਹੈ। ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ 'ਚ ਵੀ ਇਸ 'ਤੇ ਚਰਚਾ ਹੋਈ ਸੀ। ਇਸ ਨੂੰ ਲੈ ਕੇ ਮੁੱਖ ਮੰਤਰੀ ਦਫਤਰ ਨੇ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਦੇ ਮੁੱਖ/ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਵੀਰਵਾਰ ਨੂੰ ਐਡੀਸ਼ਨਲ ਚੀਫ ਸਕੱਤਰ ਕੋ-ਆਪਰੇਸ਼ਨ ਵਿਸ਼ਵਜੀਤ ਖੰਨਾ, ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਆਦਿ ਨਾਲ ਮੀਟਿੰਗ ਕੀਤੀ। ਹਾਲਾਂਕਿ ਇਸ ਮੀਟਿੰਗ 'ਚ ਹੋਏ ਫੈਸਲੇ ਦੀ ਅਧਿਕਾਰਤ ਜਾਣਕਾਰੀ ਨਹੀਂ ਮਿਲ ਸਕੀ ਪਰ ਇੰਨਾ ਤੈਅ ਹੈ ਕਿ ਸਰਕਾਰ ਨੇ ਇਹ ਫੈਸਲਾ ਕਰੀਬ ਕਰ ਲਿਆ ਹੈ ਕਿ ਖੇਤ ਮਜ਼ਦੂਰਾਂ ਦਾ 25 ਹਜ਼ਾਰ ਤੱਕ ਦਾ ਲਿਆ ਹੋਇਆ ਕਰਜ਼ਾ ਮੁਆਫ ਕਰ ਦਿੱਤਾ ਜਾਵੇਗਾ। ਪਤਾ ਲੱਗਿਆ ਹੈ ਕਿ ਸੂਬੇ 'ਚ ਅਜਿਹੇ 2.70 ਲੱਖ ਖੇਤ ਮਜ਼ਦੂਰ ਹਨ, ਜਿਨ੍ਹਾਂ ਨੇ ਸਹਿਕਾਰੀ ਬੈਂਕਾਂ ਤੋਂ 25 ਹਜ਼ਾਰ ਰੁਪਏ ਤੱਕ ਦੇ ਲੋਨ ਲਏ ਹੋਏ ਹਨ। ਇਹ ਰਕਮ ਕਰੀਬ 400 ਕਰੋੜ ਰੁਪਏ ਬਣਦੀ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਕਰਜ਼ਾ ਮੁਆਫੀ ਦੀ ਯੋਜਨਾ ਐਲਾਨੀ ਸੀ, ਉਸ 'ਚ ਕਿਸਾਨਾਂ ਤੋਂ ਇਲਾਵਾ ਖੇਤ ਮਜ਼ਦੂਰਾਂ ਦਾ ਵੀ ਕਰਜ਼ਾ ਮੁਆਫ ਕੀਤਾ ਜਾਣਾ ਸੀ। ਇਨ੍ਹਾਂ ਮਜ਼ਦੂਰਾਂ ਕੋਲ ਕੋਈ ਜ਼ਮੀਨ ਆਦਿ ਨਹੀਂ ਹੁੰਦੀ, ਇਸ ਲਈ ਇਹ ਤੈਅ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਕਿਨ੍ਹਾਂ ਮਜ਼ਦੂਰਾਂ ਦਾ ਕਰਜ਼ਾ ਮੁਆਫ ਹੋਵੇਗਾ। 

Babita

This news is Content Editor Babita