ਫਰੀਦਕੋਟ 'ਚ ਫਿਰ ਹੋਈ ਲੁੱਟ ਦੀ ਵਾਰਦਾਤ, ਡਾਕਟਰ ਦੇ ਕੁਆਟਰ 'ਤੇ ਕੀਤਾ ਹੱਥ ਸਾਫ

10/09/2019 11:43:06 AM

ਫਰੀਦਕੋਟ (ਜਗਤਾਰ) - ਫਰੀਦਕੋਟ ਜ਼ਿਲੇ 'ਚ ਆਏ ਦਿਨ ਲੁਟੇਰਿਆਂ, ਬਦਮਾਸ਼ਾਂ ਵਲੋਂ ਵਾਰ-ਵਾਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਜ਼ਿਲੇ ਦੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ। ਇਸੇ ਤਰ੍ਹਾਂ ਫਰੀਦਕੋਟ ਦੇ ਮੈਡੀਕਲ ਕੈਂਪਸ 'ਚ ਬਣੀ ਵਾਈਸ ਚਾਂਸਲਰ ਦੀ ਰਿਹਾਇਸ਼ ਦੇ ਬਿਲਕੁਲ ਸਾਹਮਣੇ ਇਕ ਨਵ-ਵਿਆਹੇ ਜੋੜੇ ਡਾਕਟਰ ਦੇ ਕੁਆਟਰ 'ਚ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ ਘਰ 'ਚ ਪਿਆ 16 ਤੋਲਾ ਸੋਨਾ ਅਤੇ 35000 ਦੇ ਕਰੀਬ ਦੀ ਨਗਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕੈਂਸਰ ਵਿਭਾਗ ਬਠਿੰਡਾ ਦੇ ਡਾਕਟਰ ਪ੍ਰਦੀਪ ਸ਼ਰਮਾ ਨੇ ਪੁਲਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਕੈਂਸਰ ਵਿਭਾਗ ਫਰੀਦਕੋਟ ਮੈਡੀਕਲ ਕੈਂਪਸ ਦੇ ਕੁਆਰਟਰ ਨੰਬਰ-212 'ਚ ਰਹਿੰਦੇ ਹਨ ਅਤੇ ਛੁੱਟੀ ਹੋਣ ਕਾਰਨ ਉਹ ਬਹਾਰ ਗਏ ਹੋਏ ਸੀ। ਬੀਤੇ ਦਿਨ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਦੇ ਕੁਆਰਟਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਉਨ੍ਹਾਂ ਦੀ ਸਾਰੀ ਜਿਓਲਰੀ ਤੇ ਕੁਝ ਨਗਦੀ ਚੋਰੀ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਅਜੇ ਨਵਾਂ-ਨਵਾਂ ਵਿਆਹ ਹੋਇਆ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਭੇਤੀ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਸਵੇਰੇ ਮਿਲੀ ਸੀ। ਮਾਮਲਾ ਦਰਜ ਕਰਕੇ ਉਨ੍ਹਾਂ ਵਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

rajwinder kaur

This news is Content Editor rajwinder kaur