ਮਗਨਰੇਗਾ ਤਹਿਤ ਹੋਏ ਕੰਮਾਂ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਵਲੋਂ ਪਿੰਡਾਂ ਦਾ ਦੌਰਾ

07/11/2019 11:47:20 AM

ਫ਼ਰੀਦਕੋਟ (ਹਾਲੀ) - ਭਾਰਤ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਫ਼ਰੀਦਕੋਟ ਜ਼ਿਲੇ 'ਚ ਮਗਨਰੇਗਾ ਤਹਿਤ ਹੋਏ ਕੰਮਾਂ ਦਾ ਜਾਇਜ਼ਾ ਲੈਣ ਲਈ ਫਰੀਦਕੋਟ ਜ਼ਿਲੇ ਦੇ ਪੰਜ ਪਿੰਡਾਂ ਦਾ ਦੌਰਾ ਕੀਤਾ। ਦੱਸ ਦੇਈਏ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲਿਖਤੀ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਫਰੀਦਕੋਟ ਜ਼ਿਲੇ 'ਚ ਮਗਨਰੇਗਾ ਤਹਿਤ ਹੋਏ ਕੰਮ ਕਰਨ ਸਮੇਂ ਨਿਯਮਾਂ ਦੀ ਵੱਡੇ ਪੱਧਰ 'ਤੇ ਅਣਦੇਖੀ ਹੋਈ ਹੈ। ਕੇਂਦਰੀ ਜਾਂਚ ਟੀਮ ਨੇ ਪਿੰਡਾਂ ਦਾ ਦੌਰਾ ਕਰਨ ਤੋਂ ਪਹਿਲਾਂ ਪੰਚਾਇਤ ਵਿਭਾਗ ਦਾ ਰਿਕਾਰਡ ਚੈੱਕ ਕੀਤਾ ਅਤੇ ਉਸ ਤੋਂ ਬਾਅਦ ਪਿੰਡ ਹਰਦਿਆਲੇਆਣਾ, ਪੱਖੀ ਕਲਾਂ, ਗੋਲੇਵਾਲਾ, ਮਚਾਕੀ ਕਲਾਂ ਅਤੇ ਝੋਟੀਵਾਲਾ ਦਾ ਦੌਰਾ ਕੀਤਾ। ਟੀਮ ਦੇ ਸੀਨੀਅਰ ਮੈਂਬਰ ਦੀਪ ਸ਼ੇਖਰ ਸਿੰਘਾਲ ਨੇ ਪਿੰਡਾਂ 'ਚ ਜਾ ਕੇ ਲੋਕਾਂ ਤੋਂ ਮਗਨਰੇਗਾ ਤਹਿਤ ਹੋਏ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ।

ਅਕਾਲੀਆਂ ਅਤੇ ਕਾਂਗਰਸੀਆਂ ਨੇ ਜਾਂਚ ਟੀਮ ਸਾਹਮਣੇ ਆਪੋ-ਆਪਣੇ ਵਫ਼ਦ ਵੀ ਪੇਸ਼ ਕੀਤੇ। ਜ਼ਿਲਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਗੁਰਸ਼ਵਿੰਦਰ ਸਿੰਘ ਨੇ ਜਾਂਚ ਟੀਮ ਨੂੰ ਮੰਗ-ਪੱਤਰ ਦੇ ਕੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਵਲੋਂ ਕੀਤੀ ਸ਼ਿਕਾਇਤ ਸਿਆਸਤ ਤੋਂ ਪ੍ਰੇਰਿਤ ਹੈ ਤੇ ਜ਼ਿਲੇ 'ਚ ਕਿਤੇ ਵੀ ਵਿਕਾਸ ਕਾਰਜਾਂ ਦੌਰਾਨ ਨਿਯਮਾਂ ਦੀ ਅਣਦੇਖੀ ਨਹੀਂ ਹੋਈ। ਪਿੰਡ ਪੱਖੀ 'ਚ ਸਰਪੰਚ ਕੁਲਵਿੰਦਰ ਸਿੰਘ ਨੇ ਜਾਂਚ ਟੀਮ ਨੂੰ ਦੱਸਿਆ ਕਿ ਉਨ੍ਹਾਂ ਵਲੋਂ ਪਿੰਡ ਵਿਚ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਵਾਇਆ ਗਿਆ ਹੈ। ਅਕਾਲੀ ਦਲ ਨੇ ਝੂਠੀ ਸ਼ਿਕਾਇਤ ਕਰ ਕੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਾਂਚ ਅਧਿਕਾਰੀ ਦੀਪ ਸ਼ੇਖਰ ਸਿੰਘਾਲ ਨੇ ਕਿਹਾ ਕਿ ਪੰਜ ਪਿੰਡਾਂ ਦੀ ਪੜਤਾਲ ਦੌਰਾਨ ਉਨ੍ਹਾਂ ਨੇ ਮਗਨਰੇਗਾ ਤਹਿਤ ਹੋਏ ਕੰਮਾਂ ਦਾ ਬਰੀਕੀ ਨਾਲ ਜਾਇਜ਼ਾ ਲਿਆ ਹੈ ਅਤੇ ਇਸ ਬਾਰੇ ਰਿਪੋਰਟ ਉਹ ਭਾਰਤ ਸਰਕਾਰ ਨੂੰ ਸੌਂਪ ਦੇਣਗੇ।

ਉਨ੍ਹਾਂ ਕਿਹਾ ਕਿ ਮੁੱਢਲੀ ਪੜਤਾਲ ਦੌਰਾਨ ਮਗਨਰੇਗਾ ਕੰਮਾਂ 'ਚ ਕੋਈ ਵੱਡੀ ਘਪਲੇਬਾਜ਼ੀ ਸਾਹਮਣੇ ਨਹੀਂ ਆਈ, ਪਰ ਕੁਝ ਥਾਂ 'ਤੇ ਮਗਨਰੇਗਾ ਤਹਿਤ ਪੈਸਾ ਖਰਚਣ ਵੇਲੇ ਨਿਯਮਾਂ ਨੂੰ ਅਣਦੇਖਿਆ ਕੀਤਾ ਗਿਆ ਹੈ। ਜਾਂਚ ਟੀਮ ਦੇ ਅਧਿਕਾਰੀਆਂ ਨੇ ਕਿਹਾ ਕਿ ਕੁਝ ਪਿੰਡਾਂ ਵਿਚ ਮਗਨਰੇਗਾ ਮਜ਼ਦੂਰਾਂ ਨੂੰ ਜਾਬ ਕਾਰਡ ਨਾ ਮਿਲਣ ਦੀਆ ਸ਼ਿਕਾਇਤਾਂ ਆਈਆਂ ਸਨ ਅਤੇ ਇਨ੍ਹਾਂ ਸ਼ਿਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਹੈ। ਫ਼ਰੀਦਕੋਟ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਜੀਤ ਕੌਰ ਨੇ ਕਿਹਾ ਕਿ ਕੇਂਦਰੀ ਟੀਮ ਨੂੰ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ ਗਿਆ ਹੈ ਅਤੇ ਜਾਂਚ ਟੀਮ ਨੂੰ ਲੋੜੀਂਦਾ ਰਿਕਾਰਡ ਮੁਹੱਈਆ ਕਰਵਾਇਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਗਨਰੇਗਾ ਤਹਿਤ ਸੰਤੁਸ਼ਟੀਜਨਕ ਕੰਮ ਹੋਇਆ ਹੈ।

rajwinder kaur

This news is Content Editor rajwinder kaur