ਪੁਲਸ ਹਿਰਾਸਤ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ''ਚ ਆਇਆ ਨਵਾਂ ਮੌੜ

05/25/2019 4:44:52 AM

ਫਰੀਦਕੋਟ (ਰਾਜਨ, ਜਗਤਾਰ) : ਜਸਪਾਲ ਸਿੰਘ ਦੀ ਸੀ. ਆਈ. ਏ. ਸਟਾਫ਼ ਦੀ ਹਿਰਾਸਤ 'ਚ ਹੋਈ ਮੌਤ ਦੇ ਭੇਦ ਤੋਂ ਪਰਦਾ ਚੁੱਕਣ ਲਈ ਬੀਤੀ ਦੇਰ ਸ਼ਾਮ ਪੁਲਸ ਅਧਿਕਾਰੀਆਂ ਵਲੋਂ ਮ੍ਰਿਤਕ ਦੇ ਵਾਰਸਾਂ ਅਤੇ ਮੀਡੀਆ ਦੀ ਹਾਜ਼ਰੀ 'ਚ ਬੀਤੀ 18 ਮਈ ਨੂੰ ਪਿੰਡ ਰੱਤੀਰੋੜੀ ਤੋਂ ਪੁਲਸ ਹਿਰਾਸਤ 'ਚ ਲਿਆਂਦੇ ਜਸਪਾਲ ਸਿੰਘ ਨੂੰ ਬੰਦ ਕਰਨ ਤੋਂ ਲੈ ਕੇ ਉਸਦੀ ਮੌਤ ਤੱਕ ਦੀ ਸੀ. ਸੀ. ਟੀ. ਵੀ. ਫੁਟੇਜ ਜਨਤਕ ਕੀਤੀ।

ਫੁਟੇਜ ਚੈੱਕ ਕਰਨ ਸਮੇਂ ਪੁਲਸ ਅਧਿਕਾਰੀਆਂ 'ਚ ਸੇਵਾ ਸਿੰਘ ਮੱਲ੍ਹੀ ਐੱਸ. ਪੀ., ਭੁਪਿੰਦਰ ਸਿੰਘ ਐੱਸ. ਪੀ., ਡੀ. ਐੱਸ. ਪੀ. ਜਸਤਿੰਦਰ ਸਿੰਘ ਧਾਲੀਵਾਲ ਅਤੇ ਡੀ. ਐੱਸ. ਪੀ. ਯਾਦਵਿੰਦਰ ਸਿੰਘ ਅਤੇ ਮੀਡੀਆ ਕਰਮੀਆਂ ਤੋਂ ਇਲਾਵਾ ਮ੍ਰਿਤਕ ਜਸਪਾਲ ਸਿੰਘ ਦੇ ਵਾਰਸ ਵੀ ਮੌਜੂਦ ਸਨ। ਇਸ ਦੌਰਾਨ ਸਾਫ ਜ਼ਾਹਰ ਹੋ ਗਿਆ ਕਿ ਜਸਵਿੰਦਰ ਸਿੰਘ ਹਿਰਾਸਤ 'ਚ ਹੁੰਦਿਆਂ ਉਸ ਚਾਦਰ ਨਾਲ ਜੋ ਉਸ ਨੂੰ ਉੱਪਰ ਲੈਣ ਵਾਸਤੇ ਦਿੱਤੀ ਗਈ ਸੀ, ਨਾਲ ਫਾਹਾ ਲੈਣ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਅਖੀਰ ਉਹ ਥੋੜ੍ਹਾ ਸਮਾਂ ਸੁੱਤੇ ਰਹਿਣ ਉਪਰੰਤ ਫਿਰ ਉੱਠਿਆ। ਉੱਠਣ ਤੋਂ ਬਾਅਦ ਉਸਨੇ ਆਪਣੇ ਸਰੀਰ 'ਤੇ ਸੱਟ ਮਾਰ ਕੇ ਆਪਣੇ ਖੂਨ ਨਾਲ ਇਕ ਆਤਮ-ਹੱਤਿਆ ਨੋਟ ਬੈਰਕ ਦੀ ਕੰਧ 'ਤੇ ਲਿਖਿਆ, ਜਿਸ 'ਚ ਉਸ ਨੇ ਦੋ ਔਰਤਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ। ਇਸ ਉਪਰੰਤ ਉਸ ਨੇ ਚਾਦਰ ਪਾੜ ਕੇ ਉਸ ਨੂੰ ਗਿੱਲਾ ਕਰ ਕੇ ਪੂਣੀ ਬਣਾ ਲਈ ਅਤੇ ਬੈਰਕ ਦੀ ਬਾਰੀ ਨਾਲ ਫਾਹਾ ਲੈ ਕੇ ਆਪਣੀ ਲੀਲਾ ਸਮਾਪਤ ਕਰ ਲਈ। ਫੁਟੇਜ ਅਨੁਸਾਰ ਘਟਨਾ ਤੋਂ ਬਾਅਦ ਸਵੇਰੇ ਮੂੰਹ ਹਨੇਰੇ ਜਦੋਂ ਸੁਖਮੰਦਰ ਸਿੰਘ ਸੰਤਰੀ ਨੂੰ ਪਤਾ ਲੱਗਾ ਤਾਂ ਉਸਨੇ ਬਾਹਰ ਜਾ ਕੇ ਇੰਸਪੈਕਟਰ ਨਰਿੰਦਰ ਸਿੰਘ ਨੂੰ ਫੋਨ ਕੀਤਾ, ਜਿਸ 'ਤੇ ਨਰਿੰਦਰ ਸਿੰਘ ਨੇ ਸੀ. ਆਈ. ਏ. ਸਟਾਫ਼ ਵਿਖੇ ਪੁੱਜ ਕੇ ਮੁਨਸ਼ੀ ਦਰਸ਼ਨ ਸਿੰਘ ਅਤੇ ਸੁਖਮੰਦਰ ਸਿੰਘ ਸੰਤਰੀ ਦੀ ਸਹਾਇਤਾ ਨਾਲ ਜਸਪਾਲ ਸਿੰਘ ਦੀ ਲਾਸ਼ ਨੂੰ ਗੱਡੀ 'ਚ ਸੁੱਟ ਲਿਆ ਅਤੇ ਇਸ ਨੂੰ ਡਿਸਪੋਜ਼ ਆਊਟ ਕਰਨ ਲਈ ਲੈ ਗਿਆ। ਫੁਟੇਜ ਵਿਚ ਇਹ ਵੀ ਸਾਹਮਣੇ ਆਇਆ ਕਿ ਕੈਮਰੇ 'ਤੇ ਕੱਪੜਾ ਪਾ ਕੇ ਬੈਰਕ ਦੀ ਕੰਧ 'ਤੇ ਲਿਖੇ ਆਤਮ ਹੱਤਿਆ ਨੋਟ ਨੂੰ ਵੀ ਸਾਫ ਕਰਵਾ ਦਿੱਤਾ ਗਿਆ। ਬੇਸ਼ੱਕ ਪੁਲਸ ਵਲੋਂ ਇਹ ਫੁਟੇਜ ਮ੍ਰਿਤਕ ਦੇ ਵਾਰਸਾਂ ਨੂੰ ਇਹ ਯਕੀਨ ਦਿਵਾਉਣ ਲਈ ਦਿਖਾਈ ਗਈ ਕਿ ਜਸਪਾਲ ਸਿੰਘ ਦੀ ਮੌਤ ਹਿਰਾਸਤ ਵਿਚ ਕਿਸੇ ਕਿਸਮ ਦੀ ਥਰਡ ਡਿਗਰੀ ਜਾਂ ਕੁੱਟ-ਮਾਰ ਕਰਨ ਨਾਲ ਨਹੀਂ ਹੋਈ ਪਰ ਮ੍ਰਿਤਕ ਜਸਪਾਲ ਸਿੰਘ ਦੇ ਵਾਰਸਾਂ ਨੇ ਇਸ ਮਾਮਲੇ ਵਿਚ ਇਨਸਾਫ ਮਿਲਣ ਤੱਕ ਧਰਨਾ ਜਾਰੀ ਰੱਖਣ ਦੀ ਗੱਲ ਫਿਰ ਆਖੀ ਹੈ।

Baljeet Kaur

This news is Content Editor Baljeet Kaur