ਮਾਨਸਾ ਦੀ ਗੁਰਪ੍ਰੀਤ ਨੇ ਜਿੱਤਿਆ ''ਧੀ ਪੰਜਾਬ ਦੀ 2019'' ਪੁਰਸਕਾਰ

11/25/2019 4:38:28 PM

ਫਰੀਦਕੋਟ (ਜਗਤਾਰ) - ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ ਸਬੰਧਤ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਵਲੋਂ 19ਵਾਂ ਰਾਜ ਪੱਧਰੀ ਸੱਭਿਆਚਾਰਕ ਖਿਤਾਬੀ ਮੁਕਾਬਲਾ `ਧੀ ਪੰਜਾਬ ਦੀ` 2019 ਕਰਵਾਇਆ ਗਿਆ। ਫਰੀਦਕੋਟ ਦੇ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਡੀਟੋਰੀਅਮ ਹਾਲ ’ਚ ਕਰਵਾਏ ਗਏ `ਧੀ ਪੰਜਾਬ ਦੀ` 2019 ਦੇ ਮੁਕਾਬਲੇ ’ਚ ਮਾਨਸਾ ਜ਼ਿਲੇ ਦੀ ਗੁਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਮੁਕਾਬਲੇ ’ਚ ਸੰਗਰੂਰ ਜ਼ਿਲੇ ਦੀ ਰਜਨਦੀਪ ਕੌਰ ਨੇ ਦੂਜਾ ਅਤੇ ਫਿਰੋਜ਼ਪੁਰ ਦੇ ਹਲਕਾ ਗੁਰੁਹਰਿਸਹਾਈ ਦੀ ਆਯੁਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਕਾਬਲੇ ਦੀ ਜੇਤੂ ਮੁਟਿਆਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਉਸ ਦਾ ਜਨਮ ਪੰਜਾਬ ਦੀ ਧਰਤੀ ’ਤੇ ਹੋਇਆ। ਪੰਜਾਬ ਦਾ ਸੱਭਿਆਚਾਰ ਅਮੀਰ ਅਤੇ ਅਨਮੋਲ ਹੈ। ਜਿੱਤ ਦੀ ਖੁਸ਼ੀ ਪ੍ਰਗਟ ਕਰਦਿਆਂ ਉਸ ਨੇ ਕਿਹਾ ਕਿ ਇਸ ਜਿੱਤ ਦੇ ਪਿੱਛੇ ਉਸ ਦੇ ਪਰਿਵਾਰ ਦਾ ਪੁਰਾ ਹੱਥ ਹੈ। ਉਸ ਨੇ ਨੌਜਆਨ ਮੁਟਿਆਰਾਂ ਨੂੰ ਕਿਹਾ ਕਿ ਉਹ ਆਪਣੇ ਹੁੰਨਰ ਨੂੰ ਅੱਗੇ ਜਰੂਰ ਲੈ ਕੇ ਆਉਣ। ਅਜਿਹੇ ਮੁਕਾਬਲਿਆਂ ’ਚ ਹਿੱਸਾ ਲੈ ਕੇ ਉਹ ਆਪਣੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਆਪਣੀ ਪਛਾਣ ਬਣਾ ਸਕਦੀਆਂ ਹਨ। 

ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਜੇਤੂ ਮੁਟਿਆਰਾਂ ’ਚੋਂ ਪਹਿਲੇ ਸਥਾਨ ’ਤੇ ਰਹਿਣ ਵਾਲੀ ਮੁਟਿਆਰ ਨੂੰ ਸੋਨੇ ਦੀ ਸੱਗੀ, ਦੂਜੇ ਸਥਾਨ ’ਤੇ ਰਹਿਣ ਵਾਲੀ ਨੂੰ ਸੋਨੇ ਦੀ ਜੁਗਨੀ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀ ਨੂੰ ਸੋਨੇ ਦੇ ਟਿੱਕੇ ਦੇ ਨਾਲ-ਨਾਲ ਇਕ ਫ਼ੁਲਕਾਰੀ, ਪ੍ਰਮਾਣ ਪੱਤਰ, ‘ਧੀ ਪੰਜਾਬ ਦੀ’ ਪੁਰਸਕਾਰ ਅਤੇ ਯਾਦਗਰੀ ਚਿੰਨ੍ਹ ਦੇ ਕੇ ਸਨਾਮਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ’ਚ ਭਾਗ ਲੈਣ ਵਾਲੀ ਹਰ ਮੁਟਿਆਰ ਨੂੰ ਇਕ-ਇਕ ਸੋਨੇ ਦਾ ਕੋਕਾ, ਯਾਦਗਰੀ ਚਿੰਨ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

rajwinder kaur

This news is Content Editor rajwinder kaur