ਫਰੀਦਕੋਟ : ਪਿੰਡ ਭਾਨਾ ਦੇ ਨੌਜਵਾਨਾਂ ਨੇ ਹੜ੍ਹ ਪੀੜਤਾਂ ਲਈ ਕੀਤਾ ਸ਼ਲਾਘਾਯੋਗ ਉਪਰਾਲਾ

09/02/2019 1:51:51 PM

ਫਰੀਦਕੋਟ (ਜਗਤਾਰ) - ਬਰਸਾਤ ਬੰਦ ਹੋਣ ਕਾਰਨ ਭਾਵੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਭਰਿਆ ਪਾਣੀ ਘੱਟ ਹੋ ਗਿਆ ਹੈ ਪਰ ਹੜ੍ਹ ਪੀੜਤਾਂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਹੜ੍ਹ ਕਾਰਨ ਇਕੱਠੇ ਹੋਏ ਪਾਣੀ ਤੋਂ ਬਹੁਤ ਜ਼ਿਆਦਾ ਗੰਦੀ ਬਦਬੂ ਆ ਰਹੀ ਹੈ। ਇਸ ਗੰਦੇ ਪਾਣੀ ’ਤੇ ਪੈਦਾ ਹੋ ਰਹੇ ਮੱਛਰ, ਮੱਖੀਆਂ ਕਾਰਨ ਲੋਕਾਂ ਨੂੰ ਬੀਮਾਰੀਆਂ ਹੋਣ ਦਾ ਡਰ ਸਤਾ ਰਿਹਾ ਹੈ। ਪੰਜਾਬ ’ਚ ਆਇਆ ਹੜ੍ਹ ਆਪਣੇ ਪਿੱਛੇ ਬਰਬਾਦੀ ਤੇ ਬਿਮਾਰੀਆਂ ਦੇ ਨਿਸ਼ਾਨ ਛੱਡ ਗਿਆ ਹੈ ਪਰ ਇਸ ਔਖੀ ਘੜੀ ’ਚ ਇਕ ਦੂਜੇ ਦਾ ਸਾਥ ਦੇਣ ਲਈ ਇਕਜੁੱਟ ਹੋਏ ਪੰਜਾਬੀਆਂ ਨੇ ਪੂਰੀ ਦੁਨੀਆਂ ਲਈ ਆਪਸੀ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ। ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਮ ਲੋਕਾਂ ਦੇ ਨਾਲ-ਨਾਲ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਅੱਗੇ ਵੱਧ ਕੇ ਰਾਸ਼ਨ, ਦਵਾਈਆਂ ਤੇ ਇਥੋਂ ਤੱਕ ਕਿ ਮਵੇਸ਼ੀਆਂ ਦੀ ਦੇਖਭਾਲ ਤੱਕ ਦੇ ਸਾਰੇ ਇੰਤਜ਼ਾਮ ਕੀਤੇ ਜਾ ਰਹੇ ਹਨ। 

ਇਸੇ ਤਰ੍ਹਾਂ ਫਰੀਦਕੋਟ ਦੇ ਪਿੰਡ ਭਾਨਾ ’ਚ ਨੌਜਵਾਨਾਂ ਵਲੋਂ ਹੜ੍ਹ ਪੀੜਤ ਇਲਾਕਿਆਂ ’ਚ ਰਾਸ਼ਨ ਦੇ ਨਾਲ-ਨਾਲ ਸਾਫ ਪਾਣੀ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪਿੰਡ ਦੇ ਨੌਜਵਾਨਾਂ ਵਲੋਂ ਹੱਥੀ ਨਲਕਾ ਗੇੜ ਕੇ 21 ਹਜ਼ਾਰ ਲੀਟਰ ਪਾਣੀ ਬੋਤਲਾਂ ’ਚ ਭਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਭੇਜਿਆ ਜਾ ਰਿਹਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਹ ਜਦੋਂ ਹੜ੍ਹ ਪੀੜਤ ਇਲਾਕਿਆਂ ’ਚ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੀੜਤ ਲੋਕਾਂ ਨੂੰ ਸਭ ਤੋਂ ਵਧ ਪੀਣ ਵਾਲੇ ਪਾਣੀ ਦੀ ਲੋੜ ਹੈ। ਇਸੇ ਕਾਰਨ ਉਹ ਅੱਜ 600 ਦੇ ਕਰੀਬ ਪਾਣੀ ਦੀਆਂ ਕੈਨੀਆਂ ਭਰ ਕੇ ਪੀੜਤ ਲੋਕਾਂ ਨੂੰ ਦੇਣ ਜਾ ਰਹੇ ਹਨ। 

rajwinder kaur

This news is Content Editor rajwinder kaur