ਰਿਆਸਤ ਦੇ ਸਦੀ ਪੁਰਾਣੇ ਖਜ਼ਾਨੇ ਦੀ ਇਮਾਰਤ ਨੂੰ ਢਾਹੇ ਜਾਣ ’ਤੇ ਫਰੀਦਕੋਟੀਆਂ ’ਚ ਰੋਸ

09/02/2019 1:21:27 PM

ਫਰੀਦਕੋਟ (ਹਾਲੀ) – ਫਰੀਦਕੋਟ ਰਿਆਸਤ ਦੇ ਕਰੀਬ ਇਕ ਸਦੀ ਪੁਰਾਣੇ ਖਜ਼ਾਨੇ ਦੀ ਇਮਾਰਤ ਨੂੰ ਲੋਕ ਨਿਰਮਾਣ ਵਿਭਾਗ ਵਲੋਂ ਢਾਹੇ ਜਾਣ ’ਤੇ ਸ਼ਹਿਰ ਵਾਸੀਆਂ ’ਚ ਰੋਸ ਦੀ ਲਹਿਰ ਵੇਖੀ ਜਾ ਰਹੀ ਹੈ। ਮੁਰੰਮਤ ਦੇ ਨਾਂ ’ਤੇ ਵਿਭਾਗ ਵਲੋਂ ਮਜ਼ਦੂਰ ਲਾ ਕੇ ਇਮਾਰਤ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਇਸ ਸਮੇਂ ਜ਼ਿਲਾ ਪੱਧਰੀ ਖਜ਼ਾਨਾ ਦਫਤਰ ਚਲ ਰਿਹਾ ਹੈ। ਸਥਾਨਕ ਮਾਲ ਰੋਡ (ਠੰਡੀ ਸਡ਼ਕ) ’ਤੇ ਰਾਜ ਮਹਿਲ ਦੇ ਬਿਲਕੁਲ ਸਾਹਮਣੇ ਬਣੇ ਇਸ ਵਿਰਾਸਤੀ ਖਜ਼ਾਨੇ ਦੀ ਇਮਾਰਤ ਨੂੰ 1912 ’ਚ ਉਸਾਰਿਆ ਗਿਆ ਸੀ। ਫਰੀਦਕੋਟ ਰਿਆਸਤ ਦੀ ਇਕਲੌਤੀ ਬੈਂਕ ਇਸੇ ਇਮਾਰਤ ’ਚ ਚੱਲਦੀ ਸੀ। ਤਿੰਨ ਮੰਜ਼ਿਲਾ ਇਹ ਖਜ਼ਾਨਾ ਇਮਾਰਤ ਅਜੇ ਪੂਰੀ ਤਰ੍ਹਾਂ ਸੁਰੱਖਿਅਤ ਖਡ਼੍ਹੀ ਹੈ ਪਰ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਦੀ ਸਭ ਤੋਂ ਉੱਪਰਲੀ ਛੱਤ ਨੂੰ ਢਾਹੁਣ ਦਾ ਫੈਸਲਾ ਕੀਤਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਖਜ਼ਾਨੇ ਦੀ ਇਮਾਰਤ ਨੂੰ ਢਾਹਿਆ ਨਹੀਂ ਜਾ ਰਿਹਾ ਬਲਕਿ ਇਸ ਮੁਰੰਮਤ ਲਈ ਉਪਰਲੀ ਮੰਜ਼ਿਲਾ ਦੀ ਭੰਨ-ਤੋਡ਼ ਕੀਤੀ ਜਾ ਰਹੀ ਹੈ ਪਰ ਪਹਿਲੀ ਮੰਜ਼ਿਲ ਦੀ ਭੰਨ-ਤੋਡ਼ ਕਰਨ ਨਾਲ ਇਸ ਇਮਾਰਤ ਦਾ ਸਮੁੱਚਾ ਇਤਿਹਾਸਕ ਸਰੂਪ ਬਦਲ ਜਾਵੇਗਾ।

ਫਰੀਦਕੋਟ ਰਿਆਸਤ ਦੀਆਂ ਸ਼ਹਿਰ ’ਚ ਦੋ ਦਰਜਨ ਤੋਂ ਵੱਧ ਅਦਭੁੱਤ ਇਮਾਰਤਾਂ ਹਨ, ਜਿਨ੍ਹਾਂ ਦੀ ਸਾਂਭ-ਸੰਭਾਲ ਲਈ ਰਿਆਸਤ ਦੇ ਸ਼ਾਹੀ ਮਹਾਰਾਵਲ ਖੇਵਾ ਜੀ ਟਰੱਸਟ ਨੇ ਪਿਛਲੇ ਚਾਰ ਸਾਲਾਂ ’ਚ ਕਰੋਡ਼ਾਂ ਰੁਪਏ ਖਰਚੇ ਹਨ ਅਤੇ ਲਗਭਗ ਸਾਰੀਆਂ ਇਮਾਰਤਾਂ ਦੀ ਪੁਰਾਤਨ ਦਿੱਖ ਬਹਾਲ ਕਰ ਦਿੱਤੀ ਹੈ ਅਤੇ ਜ਼ਿਲਾ ਖਜ਼ਾਨਾ ਦਫਤਰ ਵਰਗੀਆਂ ਜਿਹਡ਼ੀਆਂ ਇਮਾਰਤਾਂ ਪ੍ਰਸ਼ਾਸਨ ਦੇ ਕਬਜ਼ੇ ’ਚ ਸਨ। ਉਨ੍ਹਾਂ ਸਾਰੀਆਂ ਦੀ ਹੋਂਦ ਖਤਰੇ ’ਚ ਹੈ ਅਤੇ ਬਹੁਤ ਸਾਰੀਆਂ ਇਮਾਰਤਾਂ ਮਲੀਆ ਮੇਟ ਵੀ ਹੋ ਚੁੱਕੀਆਂ ਹਨ, ਜਿਨ੍ਹਾਂ ’ਚ ਪੁਰਾਣੀ ਕੋਤਵਾਲੀ, ਜ਼ਿਲਾ ਸਿੱਖਿਆ ਦਫਤਰ ਅਤੇ ਚਾਰ ਇਤਿਹਾਸਕ ਦਰਵਾਜ਼ੇ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ। ਸ਼ਹਿਰ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਇਤਿਹਾਸਕ ਇਮਾਰਤ ਦੀ ਬਾਹਰੀ ਦਿੱਖ ਨੂੰ ਇਸੇ ਤਰ੍ਹਾਂ ਹੀ ਬਹਾਲ ਰੱਖਿਆ ਜਾਵੇ। ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਇਤਿਹਾਸਕ ਇਮਾਰਤ ਦੀ ਮੁਰੰਮਤ ਨਿਯਮਾਂ ਅਤੇ ਸੁਰੱਖਿਅਤ ਤਰੀਕੇ ਨਾਲ ਕਰਨ ਦੀ ਹਦਾਇਤ ਕੀਤੀ ਹੈ, ਤਾਂ ਜੋ ਇਸ ਇਤਿਹਾਸਕ ਇਮਾਰਤ ਦੀ ਦਿੱਖ ’ਚ ਕੋਈ ਤਬਦੀਲੀ ਨਾ ਆਵੇ।

rajwinder kaur

This news is Content Editor rajwinder kaur