ਸਖਤ ਕਾਰਵਾਈ ਹੁੰਦੇ ਦੇਖ ਫਰਜ਼ੀ ਟ੍ਰੈਵਲ ਏਜੰਟਾਂ ਨੂੰ ਪਈਆਂ ਭਾਜੜਾਂ

08/01/2019 11:09:46 AM

ਜਲੰਧਰ (ਸੁਧੀਰ)— ਕੇਂਦਰ ਸਰਕਾਰ ਵੱਲੋਂ ਫਰਜ਼ੀ ਏਜੰਟਾਂ ਨੂੰ ਨੱਥ ਪਾਉਣ ਅਤੇ ਉਨ੍ਹਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਪੰਜਾਬ ਅਤੇ ਹੋਰ ਸੂਬਿਆਂ 'ਚ ਟ੍ਰੈਵਲ ਕਾਰੋਬਾਰੀਆਂ 'ਚ ਹੜਕੰਪ ਮਚਿਆ ਹੋਇਆ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਫਰਜ਼ੀ ਟ੍ਰੈਵਲ ਏਜੰਟਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਕਮਿਸ਼ਨਰੇਟ ਪੁਲਸ ਵੀ ਹਰਕਤ 'ਚ ਆ ਗਈ ਹੈ। ਆਉਣ ਵਾਲੇ ਦਿਨਾਂ 'ਚ ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ 'ਚ ਫਰਜ਼ੀ ਟ੍ਰੈਵਲ ਏਜੰਟਾਂ 'ਤੇ ਕਾਨੂੰਨੀ ਡੰਡਾ ਚਲਾਉਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਅਤੇ ਹੋਰ ਸੂਬਿਆਂ 'ਚ ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਕਰੋੜਾਂ ਦੀ ਠੱਗੀ ਦੇ ਕਈ ਮਾਮਲੇ ਦਿਨੋ-ਦਿਨ ਵਧਦੇ ਹੀ ਜਾ ਰਹੇ ਸਨ, ਜਦੋਂਕਿ ਕੁਝ ਫਰਜ਼ੀ ਏਜੰਟਾਂ ਵੱਲੋਂ ਵਿਦੇਸ਼ 'ਚ ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਅਰਬ ਦੇਸ਼ਾਂ 'ਚ ਭੇਜਿਆ ਜਾ ਰਿਹਾ ਸੀ, ਜਿੱਥੇ ਉਨ੍ਹਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ ਉਨ੍ਹਾਂ ਨੂੰ ਤਨਖਾਹ ਤੱਕ ਨਹੀਂ ਦਿੱਤੀ ਜਾਂਦੀ ਸੀ। ਜਿਸ ਕਾਰਨ ਫਰਜ਼ੀ ਏਜੰਟਾਂ ਦੇ ਹੱਥੇ ਚੜ੍ਹ ਕੇ ਰੋਜ਼ੀ-ਰੋਟੀ ਕਮਾਉਣ ਗਏ ਨੌਜਵਾਨਾਂ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓ ਵੀ ਵਾਇਰਲ ਕਰਕੇ ਵਿਦੇਸ਼ ਮੰਤਰਾਲਾ ਕੋਲ ਫਰਜ਼ੀ ਏਜੰਟਾਂ ਨੂੰ ਨੱਥ ਪਾਉਣ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਬੁਲਾਉਣ ਦੀ ਫਰਿਆਦ ਕੀਤੀ ਸੀ।

ਇਸ ਸਬੰਧ 'ਚ ਵਿਦੇਸ਼ ਮੰਤਰਾਲਾ ਕੋਲ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਫਰਜ਼ੀ ਏਜੰਟਾਂ ਦੀਆਂ ਸ਼ਿਕਾਇਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਸੀ, ਜਿਸ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਅਤੇ ਲੋਕਾਂ ਨੂੰ ਠੱਗੀ ਤੋਂ ਬਚਾਉਣ ਲਈ ਵਿਦੇਸ਼ ਮੰਤਰਾਲਾ ਨੇ ਫਰਜ਼ੀ ਏਜੰਟਾਂ 'ਤੇ ਨਕੇਲ ਕੱਸਦਿਆਂ ਉਨ੍ਹਾਂ ਦੀ ਸੂਚੀ ਜਾਰੀ ਕਰ ਦਿੱਤੀ। ਜਿਸ 'ਚ ਪੰਜਾਬ ਦੇ 76 ਟ੍ਰੈਵਲ ਕਾਰੋਬਾਰੀ। ਇਸ ਤੋਂ ਇਲਾਵਾ ਚੰਡੀਗੜ੍ਹ ਦੇ 22, ਦਿੱਲੀ ਦੇ 85, ਹਰਿਆਣਾ ਦੇ 13, ਹਿਮਾਚਲ ਦਾ 1, ਜੰਮੂ-ਕਸ਼ਮੀਰ ਦੇ 2, ਕੇਰਲਾ 24, ਕਰਨਾਟਕਾ 13, ਮੱਧ ਪ੍ਰਦੇਸ਼ ਦੇ 8, ਮਹਾਰਾਸ਼ਟਰ ਦੇ 86, ਓਡੀਸ਼ਾ ਦੇ 2, ਪੁੱਡੂਚੇਰੀ ਦਾ 1, ਰਾਜਸਥਾਨ ਦੇ 12, ਯੂ. ਪੀ. ਅਤੇ ਹੋਰ ਸੂਬਿਆਂ ਦੇ ਟ੍ਰੈਵਲ ਕਾਰੋਬਾਰੀਆਂ ਦੀ ਸੂਚੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲਾ ਦੀ ਫਰਜ਼ੀ ਟ੍ਰੈਵਲ ਕਾਰੋਬਾਰੀਆਂ ਦੀ ਸੂਚੀ ਦੇਖ ਕੇ ਪੰਜਾਬ ਤੀਜੇ ਨੰਬਰ 'ਤੇ ਦਿਸ ਰਿਹਾ ਹੈ। ਇਸ ਸੂਚੀ 'ਚ ਫਰਜ਼ੀ ਏਜੰਟਾਂ ਦੇ ਨਾਂ 'ਤੇ ਪਤਾ ਤੱਕ ਦਿੱਤਾ ਗਿਆ ਹੈ ਤਾਂ ਜੋ ਲੋਕ ਇਨ੍ਹਾਂ ਤੋਂ ਬਚ ਸਕਣ।

ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ : ਵਿਨੇ ਹਰੀ
ਦੂਜੇ ਪਾਸੇ ਟ੍ਰੈਵਲ ਕਾਰੋਬਾਰੀ ਵਿਨੇ ਹਰੀ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਕੁੱਝ ਲੋਕ ਵਿਦੇਸ਼ਾਂ 'ਚ ਨੌਕਰੀ ਦਿਵਾਉਣ ਦੇ ਨਾਂ 'ਤੇ ਅਤੇ ਕਈ ਤਰ੍ਹਾਂ ਦੇ ਮੇਲਿਆਂ 'ਚ ਭਾਗ ਲੈਣ ਅਤੇ ਹੋਰ ਕਈ ਤਰ੍ਹਾਂ ਦੇ ਝਾਂਸੇ ਦੇ ਕੇ ਲੋਕਾਂ ਕੋਲੋਂ ਐਡਵਾਂਸ 'ਚ ਲੱਖਾਂ ਰੁਪਏ ਠੱਗ ਲੈਂਦੇ ਹਨ। ਠੱਗੀ ਦਾ ਸ਼ਿਕਾਰ ਹੋਏ ਲੋਕ ਬਾਅਦ 'ਚ ਪੁਲਸ ਕੋਲ ਫਰਜ਼ੀ ਏਜੰਟਾਂ ਦੇ ਖਿਲਾਫ ਸ਼ਿਕਾਇਤਾਂ ਦਰਜ ਕਰਵਾਉਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀਜ਼ਾ ਅਪਲਾਈ ਕਰਦੇ ਸਮੇਂ ਕਿਸੇ ਵੀ ਏਜੰਟ ਨੂੰ ਐਡਵਾਂਸ 'ਚ ਕੋਈ ਪੈਸਾ ਨਾ ਦੇਣ ਅਤੇ ਸਰਕਾਰ ਦੀ ਵੈੱਬਸਾਈਟ 'ਤੇ ਜਾ ਕੇ ਮਾਣਤਾ ਪ੍ਰਾਪਤ ਏਜੰਟਾਂ ਦੀ ਲਿਸਟ ਦੀ ਜਾਂਚ ਕਰ ਲੈਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੀ ਲੋਕਾਂ ਕੋਲੋਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੀ ਹੈ।

ਫਰਜ਼ੀ ਏਜੰਟਾਂ ਦੀ ਜਾਂਚ 2 ਏ. ਸੀ. ਪੀਜ਼ ਨੂੰ ਸੌਂਪੀ : ਡੀ. ਸੀ. ਪੀ. ਗੁਰਮੀਤ ਸਿੰਘ
ਵਿਦੇਸ਼ ਮੰਤਰਾਲਾ ਵੱਲੋਂ ਫਰਜ਼ੀ ਏਜੰਟਾਂ ਦੀ ਸੂਚੀ ਜਾਰੀ ਕਰਨ ਅਤੇ ਉਸ 'ਚ ਜਲੰਧਰ ਦੇ ਕੁਝ ਏਜੰਟਾਂ ਦੇ ਨਾਂ ਸਾਹਮਣੇ ਆਉਣ 'ਤੇ ਕਮਿਸ਼ਨਰੇਟ ਪੁਲਸ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਫਰਜ਼ੀ ਏਜੰਟਾਂ ਦੀ ਸੂਚੀ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਮਾਮਲੇ ਦੀ ਜਾਂਚ ਸ਼ਹਿਰ ਦੇ 2 ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇਗੀ ਕਿ ਉਕਤ ਏਜੰਟਾਂ ਦੇ ਨਾਂ ਫਰਜ਼ੀ ਸੂਚੀ ਵਿਚ ਕਿਉਂ ਜਾਰੀ ਕੀਤੇ ਗਏ ਹਨ ਤੇ ਉਨ੍ਹਾਂ ਨੇ ਅਜਿਹਾ ਕੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਪੁਲਸ ਜਾਂਚ ਵਿਚ ਕੋਈ ਮੁਲਜ਼ਮ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਟ੍ਰੈਵਲ ਕਾਰੋਬਾਰੀ ਦਫਤਰਾਂ 'ਚ ਨਹੀਂ ਰੱਖ ਸਕਦੇ ਬਿਨੇਕਾਰ ਦੇ ਪਾਸਪੋਰਟ
ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ ਮਾਣਤਾ ਪ੍ਰਾਪਤ ਟ੍ਰੈਵਲ ਕਾਰੋਬਾਰੀ ਕਿਸੇ ਵੀ ਬਿਨੇਕਾਰ ਦਾ ਪਾਸਪੋਰਟ ਆਪਣੇ ਦਫਤਰ 'ਚ ਨਹੀਂ ਰੱਖ ਸਕਦੇ। ਜਿਨ੍ਹਾਂ ਕੋਲ ਕੇਂਦਰ ਸਰਕਾਰ ਕੋਲੋਂ ਮਾਣਤਾ ਪ੍ਰਾਪਤ ਲਾਇਸੈਂਸ ਹੈ ਉਹ ਟ੍ਰੈਵਲ ਕਾਰੋਬਾਰੀ ਹੀ ਸਰਕਾਰ ਦੀਆਂ ਗਾਈਡਲਾਈਨਜ਼ ਮੁਤਾਬਕ ਕਾਰੋਬਾਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ 'ਚ ਇਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਜਿਸ 'ਚ ਟ੍ਰੈਵਲ ਕਾਰੋਬਾਰੀਆਂ ਦੇ ਲਾਇਸੈਂਸ ਅਤੇ ਉਨ੍ਹਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾਣਗੇ ਕਿ ਸਾਰੇ ਟ੍ਰੈਵਲ ਕਾਰੋਬਾਰੀ ਨਿਯਮਾਂ ਮੁਤਾਬਕ ਕੰਮ ਕਰ ਰਹੇ ਹਨ ਜਾਂ ਨਹੀਂ।

ਅਸੀਂ ਪੜ੍ਹਾਈ ਦੇ ਤੌਰ 'ਤੇ ਵਿਦਿਆਰਥੀਆਂ ਨੂੰ ਭੇਜਦੇ ਹਾਂ ਵਿਦੇਸ਼ : ਕੈਨਵਿੰਗਸ
ਦੂਜੇ ਪਾਸੇ ਵਿਦੇਸ਼ ਮੰਤਰਾਲਾ ਵੱਲੋਂ ਫਰਜ਼ੀ ਏਜੰਟਾਂ ਦੀ ਸੂਚੀ 'ਚ ਕੈਨਵਿੰਗਸ ਕੰਪਨੀ ਦਾ ਨਾਂ ਸਾਹਮਣੇ ਆਉਣ 'ਤੇ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਸਿਰਫ ਪੜ੍ਹਾਈ ਦੇ ਤੌਰ 'ਤੇ ਪੀ. ਆਰ. ਲਈ ਹੀ ਵਿਦਿਆਰਥੀਆਂ ਨੂੰ ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਦੀ ਹੈ। ਉਨ੍ਹਾਂ ਦੀ ਕੰਪਨੀ ਵੱਲੋਂ ਕਿਸੇ ਵੀ ਵਿਅਕਤੀ ਨੂੰ ਵਰਕ ਪਰਮਿਟ 'ਤੇ ਕਿਸੇ ਤਰ੍ਹਾਂ ਦੀ ਨੌਕਰੀ ਦਾ ਝਾਂਸਾ ਦੇ ਕੇ ਵਿਦੇਸ਼ ਨਹੀਂ ਭੇਜਿਆ ਜਾਂਦਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਉਨ੍ਹਾਂ ਦੀ ਕੰਪਨੀ ਦੀਆਂ ਲੁਧਿਆਣਾ, ਅੰਮ੍ਰਿਤਸਰ, ਕਪੂਰਥਲਾ, ਦਿੱਲੀ 'ਚ ਬ੍ਰਾਂਚਾਂ ਹਨ। ਉਨ੍ਹਾਂ ਦੱਸਿਆ ਕਿ ਉਹ ਖੁਦ ਹੈਰਾਨ ਹਨ ਕਿ ਉਨ੍ਹਾਂ ਦੀ ਲੁਧਿਆਣਾ ਬ੍ਰਾਂਚ ਦਾ ਨਾਂ ਸੂਚੀ 'ਚ ਕਿਵੇਂ ਆਇਆ। ਜਦੋਂਕਿ ਉਨ੍ਹਾਂ ਦੀ ਕੰਪਨੀ ਦੇ ਖਿਲਾਫ ਨਾ ਤਾਂ ਕੋਈ ਮਾਮਲਾ ਦਰਜ ਹੈ ਅਤੇ ਨਾ ਹੀ ਕੋਈ ਸ਼ਿਕਾਇਤ।

shivani attri

This news is Content Editor shivani attri