ਫਰਜ਼ੀ ਆਈ. ਡੀ. ਕਾਰਡ ਬਣਵਾ ਕੇ ਲੱਖਾਂ ਦੀ ਠੱਗੀ, ਗ੍ਰਿਫਤਾਰ

08/23/2018 6:30:03 PM

ਜਲੰਧਰ— ਪੁਲਸ ਨੇ 62 ਸਾਲਾ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਫਰਜ਼ੀ ਵੋਟਰ ਕਾਰਡ ਅਤੇ ਰਾਸ਼ਨ ਕਾਰਡ ਬਣਵਾਇਆ ਸੀ ਅਤੇ ਠੱਗੀ ਕੀਤੀ। ਦਰਅਸਲ ਔਰਤ ਨੇ ਕੈਨੇਡਾ ਵਿਚ ਰਹਿਣ ਵਾਲੀ ਹਰਭਜਨ ਕੌਰ ਬਣ ਕੇ ਜ਼ਮੀਨ ਦਾ ਐਗਰੀਮੈਂਟ ਕਰ ਕੇ 7 ਲੱਖ ਰੁਪਏ ਦੀ ਠੱਗੀ ਕੀਤੀ, ਜਦੋਂ ਕਿ ਹਰਭਜਨ ਕੌਰ ਦੀ 2015 'ਚ ਮੌਤ ਹੋ ਗਈ ਸੀ। ਇਸ ਮਾਮਲੇ 'ਚ ਪੁਲਸ ਨੇ 62 ਸਾਲਾ ਸੁਰਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਸੁਰਿੰਦਰ ਕੌਰ ਨੇ ਹਰਭਜਨ ਕੌਰ ਬਣਨ ਲਈ ਫਰਜ਼ੀ ਵੋਟਰ ਕਾਰਡ ਅਤੇ ਰਾਸ਼ਨ ਕਾਰਡ ਬਣਵਾਇਆ ਸੀ। ਦੋਹਾਂ ਆਈ. ਡੀ. ਪਰੂਫ 'ਤੇ ਨਾਂ ਤਾਂ ਹਰਭਜਨ ਕੌਰ ਦਾ ਸੀ ਪਰ ਫੋਟੋ ਸੁਰਿੰਦਰ ਕੌਰ ਦੀ ਸੀ। 

ਕੀ ਹੈ ਮਾਮਲਾ—
ਮਕਸੂਦਾਂ ਦੇ ਮੌਤੀ ਨਗਰ ਦੇ ਰਹਿਣ ਵਾਲੇ ਧੀਰ ਸਿੰਘ ਨੇ ਇਕ ਸਾਲ ਪਹਿਲਾਂ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਕੋਟਲੀ ਥਾਣ ਸਿੰਘ ਦੀ ਰਹਿਣ ਵਾਲੀ ਐੱਨ. ਆਰ. ਆਈ. ਹਰਭਜਨ ਕੌਰ ਨਾਲ 7 ਕਨਾਲ 12 ਮਰਲੇ ਜ਼ਮੀਨ ਦਾ ਸੌਦਾ 10 ਲੱਖ ਰੁਪਏ ਵਿਚ ਤੈਅ ਕਰ ਕੇ 7 ਲੱਖ ਰੁਪਏ ਦਿੱਤੇ ਸਨ। ਐਗਰੀਮੈਂਟ 'ਤੇ ਹਰਭਜਨ ਕੌਰ ਦੇ ਭਰਾ ਪਲਵਿੰਦਰ ਸਿੰਘ ਨੇ ਗਵਾਹੀ ਪਾਈ ਸੀ। ਸੌਦਾ ਤੈਅ ਹੋਣ ਕਾਰਨ ਹਰਭਜਨ ਕੌਰ ਨੇ ਤੈਅ ਤਰੀਕ 'ਤੇ ਰਜਿਸਟਰੀ ਨਹੀਂ ਕਰਵਾਈ। ਜਦੋਂ ਕਿ ਇਹ ਸੌਦਾ ਸੁਰਿੰਦਰ ਕੌਰ ਵਲੋਂ ਹਰਭਜਨ ਕੌਰ ਬਣ ਕੇ ਕੀਤਾ ਜਾ ਰਿਹਾ ਸੀ। ਇਸ ਦਰਮਿਆਨ ਧੀਰ ਸਿੰਘ ਨੂੰ ਪਤਾ ਲੱਗਾ ਕਿ ਸੌਦਾ ਤੈਅ ਕਰਨ ਵਾਲੀ ਐੱਨ. ਆਰ. ਆਈ. ਹਰਭਜਨ ਕੌਰ ਨਹੀਂ ਸਗੋਂ ਕਿ ਉਸ ਦੀ ਭਰਜਾਈ ਸੁਰਿੰਦਰ ਕੌਰ ਹੈ। ਜਾਂਚ ਮਗਰੋਂ ਪੁਲਸ ਨੇ ਕੇਸ ਦਰਜ ਕਰ ਲਿਆ। ਕੋਟਲੀ ਥਾਣ ਸਿੰਘ ਬੱਸ ਸਟੌਪ ਨੇੜੇ ਬੁੱਧਵਾਰ ਨੂੰ ਪੁਲਸ ਨੇ ਉਸ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ, ਜਦੋਂ ਉਹ ਬੱਸ ਦੀ ਉਡੀਕ ਕਰ ਰਹੀ ਸੀ। ਪੁਲਸ ਨੇ ਸੁਰਿੰਦਰ ਕੌਰ ਤੋਂ ਪੁੱਛ-ਗਿੱਛ ਲਈ ਇਕ ਦਿਨ ਦੇ ਰਿਮਾਂਡ 'ਤੇ ਰੱਖਿਆ ਹੈ। ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਵੋਟਰ ਕਾਰਡ ਅਤੇ ਰਾਸ਼ਨ ਕਾਰਡ ਕਿਸ ਤੋਂ ਬਣਵਾਇਆ ਸੀ। ਪੁਲਸ ਉਸ ਦੇ ਪਤੀ ਪਲਵਿੰਦਰ ਸਿੰਘ ਦੀ ਵੀ ਭਾਲ ਕਰ ਰਹੀ ਹੈ।