2 ਭਰਾਵਾਂ ਦੀ ਫਰਜ਼ੀ ਫੇਸਬੁੱਕ ਆਈ. ਡੀ. ਬਣਾ ਕੇ ਕੀਤੀ ਬਦਨਾਮ ਕਰਨ ਦੀ ਕੋਸ਼ਿਸ਼

Sunday, Sep 24, 2017 - 07:04 PM (IST)

ਖਰੜ੍ਹ(ਰਣਬੀਰ, ਅਮਰਦੀਪ)— ਥਾਣਾ ਸਿਟੀ ਪੁਲਸ ਨੇ ਕਿਸੇ ਦੀ ਫਰਜ਼ੀ ਫੇਸਬੁੱਕ ਆਈ. ਡੀ. ਤਿਆਰ ਕਰਕੇ ਉਸ ਦੀ ਗਲਤ ਵਰਤੋਂ ਕਰਨ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ ਇਨਫਰਮੇਸ਼ਨ ਟੈਕਨਾਲੋਜੀ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਆਪਣੀ ਸ਼ਿਕਾਇਤ 'ਚ ਛੱਜੂਮਾਜਰਾ ਨਿਵਾਸੀ ਨਿਕਾਸ ਮਲਹਨ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਕ ਅਣਜਾਣ ਵਿਅਕਤੀ, ਜਿਸ ਨੂੰ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਨਹੀਂ ਜਾਣਦੇ ਹਨ, ਉਸ ਵੱਲੋਂ ਉਸ ਦੀ ਅਤੇ ਉਸ ਦੇ ਭਰਾ ਦੀ ਫਰਜ਼ੀ ਫੇਸਬੁੱਕ ਆਈ. ਡੀ. ਬਣਾਈ ਗਈ। ਇਸ ਦੌਰਾਨ ਉਸ ਨੇ ਫੇਸਬੁੱਕ ਆਈ.ਡੀ. 'ਤੇ ਉਸ 'ਤੇ ਉਸ ਦੀ ਫੋਟੋ ਲਗਾ ਕੇ ਆਈ. ਡੀ. ਦੀ ਗਲਤ ਵਰਤੋਂ ਕਰਕੇ ਉਨ੍ਹਾਂ ਨੂੰ ਹਰ ਪੱਖੋਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਆਪਣੇ ਵੱਲੋਂ ਉਕਤ ਵਿਅਕਤੀ ਦਾ ਕਾਫੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਹੱਥ ਨਾ ਲੱਗਣ 'ਤੇ ਇਸ ਦੀ ਇਕ ਸ਼ਿਕਾਇਤ ਡੀ. ਐੱਸ. ਪੀ. ਸਾਈਬਰ ਕਰਾਈਮ ਨੂੰ ਦਿੱਤੀ ਗਈ। ਪੂਰੀ ਜਾਂਚ ਕਰਦਿਆਂ ਪੁਲਸ ਨੇ ਇਸ ਦੇ ਲਈ ਜ਼ਿੰਮੇਵਾਰ ਸੁਮੀਤ ਕੁਮਾਰ ਵਰਮਾ ਜੋ ਕਿ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਦਾ ਪਤਾ ਲਗਾਇਆ। ਪੁਲਸ ਨੇ ਹੁਣ ਉਸ ਦੇ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।