ਫਾਇਰ ਕਰ ਕੇ ਵਪਾਰੀ ਨੂੰ ਲੁੱਟਣ ਦੀ ਨਾਕਾਮ ਕੋਸ਼ਿਸ਼

09/21/2017 6:08:31 AM

ਤਰਨਤਾਰਨ, (ਰਮਨ, ਰਾਜੂ)- ਜ਼ਿਲੇ ਵਿਚ ਥੋਕ ਦਵਾਈਆਂ ਦਾ ਕਾਰੋਬਾਰ ਕਰਨ ਆਏ ਇਕ ਵਪਾਰੀ ਨੂੰ ਹਵਾਈ ਫਾਇਰ ਕਰ ਕੇ ਲੁੱਟਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਪਾਰੀ ਵੱਲੋਂ ਜ਼ਿਲਾ ਪੁਲਸ ਮੁਖੀ ਨੂੰ ਲਿਖਤੀ ਦਰਖਾਸਤ ਦੇ ਕੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਗਈ ਹੈ।
 ਬੀਤੀ ਸ਼ਾਮ ਰਮਨ ਕੁਮਾਰ ਪੁੱਤਰ ਉਮ ਪ੍ਰਕਾਸ਼ ਵਾਸੀ ਅੰਮ੍ਰਿਤਸਰ ਜੋ ਕਿ ਥੋਕ ਦਵਾਈਆਂ ਦੀ ਇਕ ਫਰਮ ਦਾ ਭਾਈਵਾਲ ਹੈ, ਆਪਣੀ ਨਿੱਜੀ ਕਾਰ 'ਤੇ ਸਵਾਰ ਹੋ ਕੇ ਭਿੱਖੀਵਿੰਡ ਵਿਖੇ ਦਵਾਈਆਂ ਦੀਆਂ ਦੁਕਾਨਾਂ ਤੋਂ ਉਗਰਾਹੀ ਇਕੱਠੀ ਕਰ ਰਿਹਾ ਸੀ। ਰਮਨ ਕੁਮਾਰ ਨੇ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ ਜਦੋਂ ਭਿੱਖੀਵਿੰਡ ਤੋਂ ਸ਼ਾਮ ਨੂੰ ਵਾਪਸ ਘਰ ਜਾਣ ਲਈ ਚੱਲਿਆ ਤਾਂ ਉਸ ਦੇ ਨਾਲ ਦੁਕਾਨ ਦਾ ਕਰਮਚਾਰੀ ਵੀ ਕਾਰ ਵਿਚ ਮੌਜੂਦ ਸੀ। ਜਦੋਂ ਉਹ ਅੱਡਾ ਮੰਨਣ ਪੁੱਜੇ ਤਾਂ ਇਕ ਚਿੱਟੇ ਰੰਗ ਦੀ ਵਰਨਾ ਕਾਰ, ਜਿਸ ਦੀ ਨੰਬਰ ਪਲੇਟ 'ਤੇ ਮਿੱਟੀ ਲੱਗੀ ਹੋਈ ਸੀ ਨੇ ਉਨ੍ਹਾਂ ਨੂੰ ਓਵਰਟੇਕ ਕਰ ਕੇ ਰੋਕ ਲਿਆ।
 ਇਸੇ ਦੌਰਾਨ ਉਨ੍ਹਾਂ ਦੀ ਗੱਡੀ ਸਪੀਡ ਵਿਚ ਹੋਣ ਕਾਰਨ ਵਰਨਾ ਕਾਰ ਦੇ ਪਿੱਛੇ ਬੰਪਰ ਵਿਚ ਜਾ ਲੱਗੀ। ਇਸ ਦੌਰਾਨ ਉਸ ਨੇ ਜਦੋਂ ਵੇਖਿਆ ਕਿ ਉਸ ਕਾਰ 'ਚੋਂ ਇਕ ਨੌਜਵਾਨ ਜਿਸ ਦੇ ਗਲ ਵਿਚ ਗੋਲੀਆਂ ਦਾ ਪਟਾ ਪਾਇਆ ਹੋਇਆ ਸੀ ਉਤਰਿਆਂ ਤਾਂ ਉਸ ਨੂੰ ਵੇਖ ਉਸ ਨੇ ਆਪਣੀ ਕਾਰ ਨੂੰ ਕਰੀਬ ਅੱਧਾ ਕਿਲੋਮੀਟਰ ਪਿੱਛੇ ਮੁੱਖ ਸੜਕ 'ਤੇ ਲੈ ਆਂਦਾ ਪਰ ਉਕਤ ਵਰਨਾ ਕਾਰ ਦੇ ਲੁਟੇਰਿਆਂ ਵੱਲੋਂ ਉਸ ਨੂੰ ਮਾਰਨ ਦੀ ਨੀਅਤ ਨਾਲ ਮੌਕੇ 'ਤੇ ਚਾਰ ਫਾਇਰ ਕੀਤੇ ਗਏ। ਰਮਨ ਨੇ ਦੱਸਿਆ ਕਿ ਫਾਇਰਿੰਗ ਕਾਰਨ ਉਹ ਘਬਰਾ ਗਿਆ ਅਤੇ ਕਾਰ ਵਿਚ ਬੈਠਾ ਉਸ ਦਾ ਕਰਮਚਾਰੀ ਕਾਰ 'ਤੋਂ ਉਤਰ ਕੇ ਭੱਜ ਗਿਆ ਪਰ ਉਹ ਕਿਸੇ ਤਰੀਕੇ ਉਥੋਂ ਬਚ ਕੇ ਬੜੀ ਮੁਸ਼ਕਲ ਨਾਲ ਆਪਣੇ ਘਰ ਪੁੱਜਾ। ਕਾਫੀ ਦੂਰ ਤੱਕ ਲੁਟੇਰਿਆਂ ਨੇ ਉਸ ਦਾ ਪਿੱਛਾ ਕੀਤਾ।
 ਰਮਨ ਕੁਮਾਰ ਨੇ ਦੱਸਿਆ ਕਿ ਘਰ ਪੁੱਜਣ ਤੋਂ ਬਾਅਦ ਉਸ ਨੇ ਸਾਰੀ ਘਟਨਾ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ। ਵਪਾਰੀ ਨੇ ਦੱਸਿਆ ਕਿ ਇਹ ਸਾਰੀ ਘਟਨਾ ਭਿੱਖੀਵਿੰਡ ਚੌਕ ਅਤੇ ਝਬਾਲ ਚੌਕ ਵਿਚ ਲੱਗੇ ਸਰਕਾਰੀ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੈ। ਇਸ ਸਬੰਧੀ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਇਸ ਦੀ ਜਾਚ ਸੀ. ਆਈ. ਏ. ਦੇ ਇੰਚਾਰਜ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਇਸ ਕੇਸ ਨੂੰ ਜਲਦ ਹੱਲ ਕਰ ਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।