ਗੁਰੂ ਸਾਹਿਬਾਨ ਸਬੰਧੀ ਗਲਤ ਸ਼ਬਦਾਵਲੀ ਵਰਤਣ ਵਾਲੇ ਨੂੰ ਪੰਜ ਪਿਆਰਿਆਂ ਨੇ ਸੁਣਾਈ ਧਾਰਮਕ ਸਜ਼ਾ

09/05/2018 2:27:58 PM

ਮੱਲਾਂਵਾਲਾ (ਜਸਪਾਲ)– ਪਿਛਲੇ ਦਿਨੀਂ ਫੇਸਬੁੱਕ 'ਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਗਲਤ ਸ਼ਬਦਾਵਲੀ ਵਰਤਣ ਦੀ ਕੁਤਾਹੀ ਕਰਨ ਵਾਲੇ ਵਿਅਕਤੀ ਨੂੰ ਪੰਜ ਪਿਆਰਿਆਂ ਵੱਲੋਂ ਧਾਰਮਕ ਸਜ਼ਾ ਸੁਣਾਈ ਗਈ। ਜ਼ਿਕਰਯੋਗ ਹੈ ਕਿ ਮੱਲਾਂਵਾਲਾ ਦੇ ਹਨੀਸ਼ ਧਵਨ ਨੇ ਫੇਸਬੁੱਕ 'ਤੇ ਪਈ ਕਿਸੇ ਪੋਸਟ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਗਲਤ ਕੁਮੈਂਟ ਕੀਤਾ। ਇਸ ਕੁਮੈਂਟ ਬਾਰੇ ਜਦੋਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ 'ਚ ਭਾਰੀ ਰੋਸ ਪਾਇਆ ਗਿਆ ਤੇ ਉਨ੍ਹਾਂ ਤੁਰੰਤ ਮੀਟਿੰਗ ਸੱਦ ਲਈ। ਜਦੋਂ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਮੀਟਿੰਗ ਦੀ ਭਿਣਕ ਹਨੀਸ਼ ਧਵਨ ਅਤੇ ਉਸ ਦੇ ਪਰਿਵਾਰ ਨੂੰ ਪਈ ਤਾਂ ਉਨ੍ਹਾਂ ਮੌਕਾ ਸੰਭਾਲਦੇ ਹੋਏ ਸਿੱਖ ਜਥੇਬੰਦੀਆਂ ਦੀ ਹੋ ਰਹੀ ਮੀਟਿੰਗ 'ਚ ਪਹੁੰਚ ਕੇ ਮੁਆਫੀ ਮੰਗ ਲਈ।
ਹਨੀਸ਼ ਧਵਨ ਵੱਲੋਂ ਮੁਆਫੀ ਮੰਗਣ ਕਾਰਨ ਇਲਾਕੇ 'ਚ ਡੇਰਾ ਪ੍ਰੇਮੀਆਂ ਅਤੇ ਸਿੱਖ ਕਾਰਕੁੰਨਾਂ ਵਿਚਾਲੇ ਵਿਵਾਦ ਹੋਣੋਂ ਟਲ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਜ਼ਿਲਾ ਸੇਵਾਦਾਰ ਭਾਈ ਗੁਰਭੇਜ ਸਿੰਘ ਵੱਲੋਂ ਹਨੀਸ਼ ਧਵਨ ਨੂੰ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਸ ਨੇ ਪੰਜ ਪਿਆਰਿਆਂ ਦੀ ਹਾਜ਼ਰੀ 'ਚ ਆਪਣਾ ਗੁਨਾਹ ਕਬੂਲਿਆ ਤੇ ਅੱਗੇ ਤੋਂ ਸੌਦਾ ਸਾਧ ਦੇ ਡੇਰੇ 'ਤੇ ਜਾਣ ਦੀ ਤੋਬਾ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਪ੍ਰਣ ਕੀਤਾ। ਇਸ 'ਤੇ ਕਾਰਵਾਈ ਕਰਦੇ ਹੋਏ ਪੰਜ ਪਿਆਰਿਆਂ ਨੇ ਉਸ ਨੂੰ 11 ਦਿਨ ਗੁਰਦੁਆਰਾ ਸਾਹਿਬ 'ਚ ਸੇਵਾ ਕਰਨ ਅਤੇ 11 ਦਿਨ ਰੋਜ਼ਾਨਾ ਅੱਧਾ ਘੰਟਾ ਗੁਰਬਾਣੀ ਦਾ ਜਾਪ ਕਰਨ ਦੀ ਧਾਰਮਕ ਸਜ਼ਾ ਸੁਣਾਈ ਹੈ।