ਜਲੰਧਰ: ਫੇਸਬੁੱਕ ''ਤੇ ਮੈਸੇਜ ਪੜ੍ਹ ਸਹੇਲੀ ਨੂੰ ਟਰਾਂਸਫਰ ਕੀਤੇ 40 ਹਜ਼ਾਰ, ਜਦੋਂ ਖੁੱਲ੍ਹਿਆ ਭੇਤ ਤਾਂ ਉੱਡੇ ਹੋਸ਼

09/25/2021 5:19:48 PM

ਜਲੰਧਰ (ਜ. ਬ.)– ਇਕ ਔਰਤ ਦੀ ਫੇਸਬੁੱਕ ਆਈ. ਡੀ. ਹੈਕ ਕਰਕੇ ਹੈਕਰ ਨੇ ਉਸ ਦੀ ਸਹੇਲੀ ਕੋਲੋਂ 40 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ। ਪੈਸੇ ਗੂਗਲ ਪੇਅ ਕਰਨ ਦੇ ਅਗਲੇ ਦਿਨ ਆਈ. ਡੀ. ਹੋਲਡਰ ਨੇ ਆਈ. ਡੀ. ਹੈਕ ਹੋਣ ਦੀ ਪੋਸਟ ਪਾਈ, ਜਿਸ ਤੋਂ ਬਾਅਦ ਪੈਸੇ ਟਰਾਂਸਫਰ ਕਰਨ ਵਾਲੀ ਔਰਤ ਨੇ ਆਪਣੀ ਸਹੇਲੀ ਨਾਲ ਗੱਲ ਕੀਤੀ ਤਾਂ ਜਾ ਕੇ ਇਸ ਧੋਖਾਧੜੀ ਦਾ ਖ਼ੁਲਾਸਾ ਹੋਇਆ। ਮਾਮਲਾ ਪੁਲਸ ਤੱਕ ਪਹੁੰਚਿਆ ਤਾਂ ਥਾਣਾ ਨੰਬਰ 8 ਦੀ ਪੁਲਸ ਨੇ ਅਣਪਛਾਤੇ ਹੈਕਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਤਜਿੰਦਰ ਕੌਰ ਨਿਵਾਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ ਨੇ ਕਿਹਾ ਕਿ ਉਸ ਦੇ ਫੇਸਬੁੱਕ ਅਕਾਊਂਟ ਵਿਚ ਉਸ ਦੀ ਸਹੇਲੀ ਸੁਖਰਾਜ ਚਾਹਲ ਜੁੜੀ ਹੋਈ ਹੈ। 17 ਸਤੰਬਰ ਨੂੰ ਉਸ ਦੀ ਸਹੇਲੀ ਦੀ ਆਈ. ਡੀ. ਤੋਂ ਉਸ ਨੂੰ ਮੈਸੇਜ ਆਇਆ ਕਿ ਉਸ ਦਾ ਪਤੀ ਠੀਕ ਨਹੀਂ ਹੈ ਅਤੇ ਇਲਾਜ ਲਈ ਉਸ ਕੋਲ ਪੈਸੇ ਨਹੀਂ ਹਨ। ਮੈਸੇਜ ਕਰਨ ਵਾਲੇ ਨੇ ਤਜਿੰਦਰ ਕੌਰ ਤੋਂ ਇਲਾਜ ਲਈ 40 ਹਜ਼ਾਰ ਰੁਪਏ ਦੀ ਮੰਗ ਕੀਤੀ। ਹੈਕਰ ਨੇ ਸਹੇਲੀ ਬਣ ਕੇ ਤਜਿੰਦਰ ਨੂੰ ਭਰੋਸਾ ਦਿੱਤਾ ਕਿ ਉਹ 20 ਸਤੰਬਰ ਨੂੰ ਪੈਸੇ ਮੋੜ ਦੇਵੇਗੀ। ਉਸ ਨੇ ਇਕ ਨੰਬਰ ਦੇ ਕੇ ਉਸ ਵਿਚ 40 ਹਜ਼ਾਰ ਰੁਪਏ ਟਰਾਂਸਫਰ ਕਰਨ ਨੂੰ ਕਿਹਾ। ਤਜਿੰਦਰ ਨੇ ਆਪਣੀ ਸਹੇਲੀ ਦੀ ਮਦਦ ਲਈ ਆਪਣੇ ਖਾਤੇ ਵਿਚੋਂ 20 ਹਜ਼ਾਰ ਰੁਪਏ ਅਤੇ ਆਪਣੀ ਭੈਣ ਦੇ ਖਾਤੇ ਵਿਚੋਂ ਵੀ 20 ਹਜ਼ਾਰ ਰੁਪਏ ਉਸੇ ਨੰਬਰ ’ਤੇ ਗੂਗਲ ਪੇਅ ਕਰ ਦਿੱਤੇ।

ਇਹ ਵੀ ਪੜ੍ਹੋ : ਅਸ਼ਵਨੀ ਸ਼ਰਮਾ ਦਾ ਕਾਂਗਰਸ ’ਤੇ ਤੰਜ, ‘ਚੰਨੀ’ ਨੂੰ 4 ਮਹੀਨਿਆਂ ਲਈ ਮੁੱਖ ਮੰਤਰੀ ਬਣਾਉਣ ਲਈ ਡੇਢ ਦਿਨ ਚੱਲਿਆ ‘ਤਮਾਸ਼ਾ’

ਤਜਿੰਦਰ ਨੇ ਕਿਹਾ ਕਿ ਪੈਸੇ ਟਰਾਂਸਫਰ ਕਰਨ ਦੇ ਅਗਲੇ ਹੀ ਦਿਨ ਸੁਖਰਾਜ ਚਾਹਲ ਨੇ ਆਪਣੀ ਫੇਸੁਬੱਕ ਆਈ. ਡੀ. ’ਤੇ ਪੋਸਟ ਪਾਈ ਕਿ ਉਸ ਦੀ ਆਈ. ਡੀ. ਹੈਕ ਹੋ ਗਈ ਹੈ। ਜਿਉਂ ਹੀ ਤਜਿੰਦਰ ਕੌਰ ਨੇ ਆਪਣੀ ਸਹੇਲੀ ਦੀ ਇਹ ਪੋਸਟ ਵੇਖੀ ਤਾਂ ਉਸ ਨੇ ਫੋਨ ਕਰਕੇ ਸੁਖਰਾਜ ਚਾਹਲ ਨੂੰ ਸਾਰੀ ਗੱਲ ਦੱਸੀ ਪਰ ਸੁਖਰਾਜ ਨੇ ਕਿਹਾ ਕਿ ਉਸ ਨੇ ਪੈਸਿਆਂ ਲਈ ਉਸ ਨੂੰ ਕੋਈ ਮੈਸੇਜ ਨਹੀਂ ਕੀਤਾ।

ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰਬਰ 8 ਵਿਚ ਹੈਕਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਪੁਲਸ ਵੱਲੋਂ ਵੀ ਸਾਈਬਰ ਫਰਾਡ ਤੋਂ ਬਚਣ ਲਈ ਸਮੇਂ-ਸਮੇਂ ’ਤੇ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਪਰ ਇਸ ਦੇ ਬਾਵਜੂਦ ਲੋਕ ਚੌਕਸ ਨਹੀਂ ਹਨ। ਪੈਸੇ ਟਰਾਂਸਫਰ ਕਰਨ ਤੋਂ ਪਹਿਲਾਂ ਜੇਕਰ ਸ਼ਿਕਾਇਤਕਰਤਾ ਔਰਤ ਆਪਣੀ ਸਹੇਲੀ ਨੂੰ ਫੋਨ ਕਰ ਲੈਂਦੀ ਤਾਂ ਸ਼ਾਇਦ ਇਸ ਫਰਾਡ ਤੋਂ ਬਚਿਆ ਜਾ ਸਕਦਾ ਸੀ।

ਇਹ ਵੀ ਪੜ੍ਹੋ :  ਟਾਂਡਾ ਵਿਖੇ ਇਕੋ ਚਿਖਾ 'ਚ ਬਲੀਆਂ ਪਿਓ-ਪੁੱਤ ਤੇ ਧੀ ਦੀਆਂ ਮ੍ਰਿਤਕ ਦੇਹਾਂ, ਦਰਦਨਾਕ ਮੰਜ਼ਰ ਵੇਖ ਹਰ ਅੱਖ ਹੋਈ ਨਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

shivani attri

This news is Content Editor shivani attri