ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਜ਼ੀਫਾ ਸਕੀਮਾਂ ਹੇਠ ਅਪਲਾਈ ਕਰਨ ਦੀ ਆਖਰੀ ਤਾਰੀਖ਼ ’ਚ ਵਾਧਾ

09/02/2021 8:35:00 PM

ਚੰਡੀਗੜ੍ਹ (ਬਿਊਰੋ)-ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵੱਖ-ਵੱਖ ਵਜ਼ੀਫ਼ਾ ਸਕੀਮਾਂ ਅਧੀਨ ਅਪਲਾਈ ਕਰਨ ਦੀ ਆਖਰੀ ਮਿਤੀ ’ਚ 16 ਸਤੰਬਰ ਤੱਕ ਵਾਧਾ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਹੋਰ ਪੱਛੜੀਆਂ ਸ਼੍ਰੇਣੀਆਂ ਵਾਸਤੇ ਪ੍ਰੀ-ਮੈਟਿਕ ਸਕਾਲਰਸ਼ਿਪ (ਗਿਆਰਵੀਂ ਤੇ ਬਾਰ੍ਹਵੀਂ), ਹੋਰ ਪਛੜੀਆਂ ਸ਼੍ਰੇਣੀਆਂ ਵਾਸਤੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ (ਛੇਵੀਂ ਤੋਂ ਦਸਵੀਂ), ਐੱਸ. ਸੀ. ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਅਤੇ ਹੋਰ (ਕੰਪੋਨੈਂਟਸ-1), ਐੱਸ. ਸੀ. ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਅਤੇ ਹੋਰ (ਕੰਪੋਨੈਂਟਸ-2), ਬਾਰ੍ਹਵੀਂ ਦੀ ਪੜ੍ਹਾਈ ਜਾਰੀ ਰੱਖਣ ਲਈ ਐੱਸ. ਸੀ. ਵਿਦਿਆਰਥਣਾਂ ਨੂੰ ਉਤਸ਼ਾਹਿਤ ਐਵਾਰਡ, ਅੱਪਗ੍ਰੇਡੇਸ਼ਨ ਆਫ ਮੈਰਿਟ ਆਫ ਐੱਸ. ਸੀ. ਸਟੂਡੈਂਟਸ ਸਕੀਮ, ਐੱਸ. ਸੀ. ਪ੍ਰਾਇਮਰੀ ਗਰਲਜ਼ ਸਟੂਡੈਂਟਸ ਸਕੀਮ ਹੇਠ ਹਾਜ਼ਰੀ ਸਕਾਲਰਸ਼ਿਪ ਅਤੇ ਬੀ. ਸੀ./ਈ. ਡਬਲੂਯ. ਐੱਸ. ਪ੍ਰਾਇਮਰੀ ਵਿਦਿਆਰਥੀਆਂ ਨੂੰ ਹਾਜ਼ਰੀ ਸਕਾਲਰਸ਼ਿਪ ਦੇ ਹੇਠ ਵਜ਼ੀਫੇ ਦਿੱਤੇ ਜਾਣੇ ਹਨ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਮਗਰੋਂ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਦੇ ਵਿਗੜੇ ਬੋਲ, ਕਿਹਾ-ਅਸੀਂ ਸਾਰੇ ਪੰਜ ਪਿਆਰੇ

ਬੁਲਾਰੇ ਅਨੁਸਾਰ ਵਜ਼ੀਫੇ ਵਾਸਤੇ ਆਨਲਾਈਨ ਅਰਜ਼ੀਆਂ ਭੇਜਣ ਲਈ ਆਖਰੀ ਤਰੀਕ 16 ਸਤੰਬਰ ਅਤੇ ਸਕੂਲਾਂ ਵੱਲੋਂ ਪ੍ਰਵਾਨਗੀ ਤੇ ਅੱਗੇ ਜ਼ਿਲ੍ਹੇ ਨੂੰ ਭੇਜਣ ਲਈ 18 ਸਤੰਬਰ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਬਾਅਦ ਜ਼ਿਲ੍ਹੇ ਇਨ੍ਹਾਂ ਅਰਜ਼ੀਆਂ ਨੂੰ ਪ੍ਰਵਾਨਗੀ ਦੇ ਕੇ 16 ਸਤੰਬਰ ਤੋਂ 4 ਅਕਤੂਬਰ ਤੱਕ ਸੂਬੇ ਨੂੰ ਆਨਲਾਈਨ ਡਾਟਾ ਭੇਜਣਗੇ। ਬੁਲਾਰੇ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰਾਂ, ਸਕੂਲ ਮੁਖੀਆਂ ਅਤੇ ਪ੍ਰਿੰਸੀਪਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਪੱਤਰ ’ਚ ਸਾਰੇ ਵਿਦਿਆਰਥੀਆਂ ਨੂੰ ਅਪਲਾਈ ਕਰਨ ਲਈ ਯਕੀਨੀ ਬਣਾਉਣ ਅਤੇ ਡਾਟਾ ਪੂਰੀ ਤਰ੍ਹਾਂ ਜਾਂਚ-ਪੜਤਾਲ ਕਰਕੇ ਭੇਜਣ ਲਈ ਨਿਰਦੇਸ਼ ਦਿੱਤੇ ਗਏ ਹਨ।
 

Manoj

This news is Content Editor Manoj