ਡਾਟਾਵਿੰਡ ਕੰਪਨੀ ''ਚੋਂ ਲੱਖਾਂ ਦੇ ਮੋਬਾਇਲ ਤੇ ਟੈਬ ਚੋਰੀ ਦਾ ਮਾਮਲਾ ਬੇਪਰਦ

04/25/2018 4:49:05 AM

ਅੰਮ੍ਰਿਤਸਰ,  (ਅਰੁਣ)-  ਬੀਤੀ 16 ਤੇ 17 ਅਪ੍ਰੈਲ ਦੀ ਦਰਮਿਆਨੀ ਰਾਤ ਜੀ. ਟੀ. ਰੋਡ 'ਤੇ ਸਥਿਤ ਡਾਟਾਵਿੰਡ ਕੰਪਨੀ 'ਚ ਲੱਖਾਂ ਦੀ ਕੀਮਤ ਦੇ ਮੋਬਾਇਲ, ਟੈਬ ਤੇ ਹੋਰ ਸਾਮਾਨ ਚੋਰੀ ਹੋਣ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਤੋਂ ਇਲਾਵਾ ਚੋਰੀ ਦੀ ਇਸ ਵਾਰਦਾਤ ਵਿਚ ਬਰਾਬਰ ਦੀ ਸ਼ਰੀਕ ਮੰਨੀ ਜਾ ਰਹੀ ਇਕ ਮੁਲਜ਼ਮ ਦੀ ਮਕਾਨ ਮਾਲਕਣ ਨੂੰ ਗ੍ਰਿਫਤਾਰ ਕਰਦਿਆਂ ਚੋਰੀ ਕੀਤਾ ਸਾਰਾ ਸਾਮਾਨ ਬਰਾਮਦ ਕਰ ਲਿਆ ਹੈ।
ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਏ. ਸੀ. ਪੀ. ਦੱਖਣੀ ਮਨਜੀਤ ਸਿੰਘ ਤੇ ਥਾਣਾ ਸੁਲਤਾਨਵਿੰਡ ਦੇ ਮੁਖੀ ਇੰਸਪੈਕਟਰ ਨੀਰਜ ਕੁਮਾਰ ਨੇ ਦੱਸਿਆ ਕਿ ਵਾਰਦਾਤ ਮਗਰੋਂ ਪੁਲਸ ਪਾਰਟੀ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਜਿਨ੍ਹਾਂ ਦੀ ਪਛਾਣ ਕਾਲੂ ਪੁੱਤਰ ਰਾਮ ਪ੍ਰਕਾਸ਼ ਵਾਸੀ ਕੋਟ ਮਿੱਤ ਸਿੰਘ, ਬੰਟੀ ਪੁੱਤਰ ਰਾਜਬੀਰ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ ਤਰਨਤਾਰਨ ਰੋਡ ਤੇ ਰਾਕੇਸ਼ ਕੁਮਾਰ ਭੋਲੂ ਪੁੱਤਰ ਰਾਜੂ ਵਾਸੀ ਚਮਰੰਗ ਰੋਡ ਤੋਂ ਇਲਾਵਾ ਚੋਰੀ ਦੀ ਇਸ ਵਾਰਦਾਤ ਵਿਚ ਸ਼ਾਮਲ ਮੁਲਜ਼ਮ ਕਾਲੂ ਦੀ ਮਕਾਨ ਮਾਲਕ ਸਰਬਜੀਤ ਕੌਰ ਪਤਨੀ ਫਤਿਹ ਫਕੀਰ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ ਤਰਨਤਾਰਨ ਰੋਡ ਨੂੰ ਗ੍ਰਿਫਤਾਰ ਕਰ ਲਿਆ ਹੈ।
ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ 'ਚੋਂ ਵਾਰਦਾਤ ਦੌਰਾਨ ਚੋਰੀ ਕੀਤੇ ਗਏ 7 ਮੋਬਾਇਲ, 23 ਟੈਬ, 1 ਲੈਪਟਾਪ ਅਤੇ 4 ਨੋਟਬੁੱਕ ਪੁਲਸ ਨੇ ਬਰਾਮਦ ਕਰ ਲਏ ਹਨ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਛਾਪੇਮਾਰੀ ਕਰਦਿਆਂ ਚੋਰੀ ਕੀਤੇ ਮੋਬਾਇਲ, ਲੈਪਟਾਪ ਤੇ ਟੈਬ ਮਕਾਨ ਮਾਲਕ ਔਰਤ ਸਰਬਜੀਤ ਕੌਰ ਦੇ ਘਰੋਂ ਬਰਾਮਦ ਕੀਤੇ।