ਆਬਕਾਰੀ ਵਿਭਾਗ ਨੇ ਬਰਾਮਦ ਕੀਤੀ 400 ਕਿਲੋ ਲਾਹਨ

05/03/2018 6:55:11 AM

ਕਪੂਰਥਲਾ, (ਭੂਸ਼ਣ)- ਆਬਕਾਰੀ ਵਿਭਾਗ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਬਿਆਸ ਨਦੀ ਨਾਲ ਦੇ ਮੰਡ ਖੇਤਰ 'ਚੋਂ 400 ਕਿਲੋ ਲਾਹਨ ਬਰਾਮਦ ਕੀਤੀ ਹੈ । ਫਿਲਹਾਲ ਜ਼ਮੀਨ ਦੇ ਹੇਠਾਂ ਲਾਹਨ ਦਬਾਉਣ ਵਾਲੇ ਮੁਲਜ਼ਮ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ । ਜਾਣਕਾਰੀ ਦੇ ਅਨੁਸਾਰ ਸਹਾਇਕ ਕਮਿਸ਼ਨਰ ਅਤੇ ਕਰਾਧਾਨ ਪਵਨਜੀਤ ਸਿੰਘ ਦੇ ਹੁਕਮਾਂ 'ਤੇ ਕਾਰਵਾਈ ਕਰਦੇ ਹੋਏ ਈ. ਟੀ. ਓ. ਆਬਕਾਰੀ ਦੀਵਾਨ ਚੰਦ ਨੂੰ ਸੂਚਨਾ ਮਿਲੀ ਸੀ ਕਿ ਤਲਵੰਡੀ ਚੌਧਰੀਆਂ ਖੇਤਰ 'ਚ ਬਿਆਸ ਨਦੀ ਦੇ ਕੰਡੇ ਕਿਸੇ ਅਣਪਛਾਤੇ ਵਿਅਕਤੀ ਨੇ ਭਾਰੀ ਮਾਤਰਾ ਵਿਚ ਲਾਹਨ ਦੇ ਡਰੱਮ ਦਬਾਏ ਹੋਏ ਹਨ। ਜਿਸ 'ਤੇ ਕਾਰਵਾਈ ਕਰਦੇ ਹੋਏ ਈ. ਟੀ. ਓ. ਨੇ ਇੰਸਪੈਕਟਰ ਰਣਬਹਾਦਰ ਨੂੰ ਨਾਲ ਲੈ ਕੇ ਜਦੋਂ ਮੰਡ ਖੇਤਰ ਵਿਚ ਤਲਾਸ਼ੀ ਲਈ ਤਾਂ ਜ਼ਮੀਨ 'ਚੋਂ ਲਾਹਨ ਦੇ 2 ਡਰੱਮ ਬਰਾਮਦ ਹੋਏ । ਜਿਨ੍ਹਾਂ ਵਿਚੋਂ 400 ਕਿਲੋ ਲਾਹਨ ਬਰਾਮਦ ਹੋਈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ।