ਪੁਲਸ ਦੇ ਨੱਕ ਹੇਠ ਸ਼ਹਿਰ ''ਚ ਹਰ ਮਹੀਨੇ ਲੱਗਦੈ 200 ਕਰੋੜ ਦਾ ਨਾਜਾਇਜ਼ ਸੱਟਾ

07/24/2017 7:14:28 AM

ਜਲੰਧਰ, (ਕਮਲੇਸ਼)— ਜਲੰਧਰ 'ਚ ਕੰਪਿਊਟਰ ਲਾਟਰੀ ਦੀ ਆੜ 'ਚ ਸੱਟੇ ਦਾ ਨਾਜਾਇਜ਼ ਧੰਦਾ ਖੂਬ ਧੜੱਲੇ ਨਾਲ ਚੱਲ ਰਿਹਾ ਹੈ ਤੇ ਪੁਲਸ ਇਸ 'ਤੇ ਰੋਕ ਲਾਉਣ 'ਚ ਅਸਫਲ ਨਜ਼ਰ ਆ ਰਹੀ ਹੈ। ਜਦੋਂ ਇਸ ਨਾਜਾਇਜ਼ ਧੰਦੇ ਦੀ ਤਹਿ ਤਕ ਜਾਂਚ ਕੀਤੀ ਗਈ ਤਾਂ ਇਹ ਨਾਜਾਇਜ਼ ਸੱਟਾ ਲਾਉਣ ਵਾਲਿਆਂ ਦੀ ਕਮਾਈ ਦੇ ਅੰਕੜੇ ਹੈਰਾਨ ਕਰਨ ਵਾਲੇ ਸਨ। ਇਕ ਲਾਟਰੀ ਸਟਾਲ 'ਚ ਰੋਜ਼ਾਨਾ 4-5 ਲੱਖ ਰੁਪਏ ਦਾ ਨਾਜਾਇਜ਼ ਸੱਟਾ ਲੱਗਦਾ ਹੈ ਤੇ ਜਲੰਧਰ 'ਚ ਲਗਭਗ 150 ਦੇ ਕਰੀਬ ਲਾਟਰੀ ਸਟਾਲ ਹਨ। ਮਤਲਬ ਕਿ ਜਲੰਧਰ 'ਚ ਇਕ ਮਹੀਨੇ 'ਚ ਲਗਭਗ 200 ਕਰੋੜ ਦੇ ਕਰੀਬ ਨਾਜਾਇਜ਼ ਸੱਟਾ ਲੱਗਦਾ ਹੈ ਤਾਂ ਪੂਰੇ ਪੰਜਾਬ 'ਚ ਸੱਟੇ ਦਾ ਨਤੀਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਤੇ ਇਹ ਸਭ ਕੁਝ ਪੁਲਸ ਦੀ ਨੱਕ ਥੱਲੇ ਹੋ ਰਿਹਾ ਹੈ। ਪੰਜਾਬ ਸਰਕਾਰ ਆਪਣੀ ਕੰਪਿਊਟਰ ਲਾਟਰੀ ਨਹੀਂ ਚਲਾਉਂਦੀ। ਇਸ ਕਾਰਨ ਸਰਕਾਰ ਨੇ ਕੁੱਝ ਪ੍ਰਾਈਵੇਟ ਕੰਪਨੀਆਂ ਨੂੰ ਰਾਜ 'ਚ ਲਾਟਰੀ ਚਲਾਉਣ ਦੀ ਇਜਾਜ਼ਤ ਦਿੱਤੀ ਹੋਈ ਹੈ, ਜਿਸ ਲਈ ਇਹ ਕੰਪਨੀ ਲਗਭਗ 100 ਕਰੋੜ ਦਾ ਟੈਕਸ ਹਰ ਮਹੀਨੇ ਸਰਕਾਰ ਨੂੰ ਚੁਕਾਉਂਦੀ ਹੈ ਪਰ ਰਿਟੇਲਰ ਕੰਪਨੀ ਤੋਂ ਲਾਟਰੀ ਕੰਪਿਊਟਰ ਲੈ ਕੇ ਉਸ ਦੀ ਆੜ 'ਚ ਨਾਜਾਇਜ਼ ਸੱਟੇ ਦਾ ਕਾਰੋਬਾਰ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਇਨ੍ਹਾਂ ਕੰਪਨੀਆਂ ਨੂੰ ਚੂਨਾ ਲੱਗਦਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੁੱਝ ਲਾਟਰੀ ਦੀਆਂ ਦੁਕਾਨਾਂ ਬਿਨਾਂ ਕੰਪਿਊਟਰ ਦੇ ਵੀ ਚਲਦੀਆਂ ਹਨ। ਪੁਲਸ ਦੇ ਸੀ. ਏ. ਸਟਾਫ ਦੇ ਕੁੱਝ ਕਰਮਚਾਰੀ ਲਾਟਰੀ ਸਟਾਲ ਵਾਲਿਆਂ ਨਾਲ ਨੇੜਤਾ ਦੇ ਲਈ ਵੀ ਚਰਚਾ 'ਚ ਰਹਿੰਦੇ ਹਨ ਕਿਉਂਕਿ ਬਿਨਾਂ ਗੰਢ ਤੁੱਪ ਦੇ ਇਸ ਗੋਰਖਧੰਦੇ ਦਾ ਚੱਲਣਾ ਨਾ-ਮੁਮਕਿਨ ਹੈ।