ਹਰਿਆਣਾ 'ਚ ਲਾਗੂ ਹੈ 'ਆਨੰਦ ਮੈਰਿਜ ਐਕਟ', ਪੰਜਾਬ 'ਚ ਕਈ ਅਸਫ਼ਲ ਕੋਸ਼ਿਸ਼ਾਂ ਮਗਰੋਂ ਹੁਣ ਨਜ਼ਰਾਂ ਮਾਨ ਸਰਕਾਰ 'ਤੇ

11/09/2022 1:10:24 PM

ਜਲੰਧਰ (ਨਰਿੰਦਰ ਮੋਹਨ)– ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿਚ ਸਿੱਖ ਧਰਮ ਲਈ ਵੱਖਰੇ ਤੌਰ ’ਤੇ ਆਨੰਦ ਮੈਰਿਜ ਐਕਟ ਲਾਗੂ ਕਰਨ ਦਾ ਐਲਾਨ ਕੀਤਾ ਹੈ ਪਰ ਇਸ ਮਾਮਲੇ ’ਚ ਬੀਤੇ ਸਮੇਂ ਦਾ ਤਜਰਬਾ ਕੌੜਾ ਰਿਹਾ ਹੈ। ਸੂਬੇ ’ਚ ਅਫ਼ਸਰਸ਼ਾਹੀ ਨੇ ਕਦੇ ਵੀ ਇਸ ਐਕਟ ਨੂੰ ਲਾਗੂ ਨਹੀਂ ਹੋਣ ਦਿੱਤਾ। ਇਸ ਨੂੰ ਅਕਾਲੀ-ਭਾਜਪਾ ਸਰਕਾਰ ਨੇ ਅਪ੍ਰੈਲ 2016 ਵਿਚ ਲਾਗੂ ਕੀਤਾ ਸੀ ਪਰ ਲਾਗੂ ਹੋਣ ਦੀ ਤਾਰੀਖ਼ ਤੋਂ ਸੂਬੇ ਵਿਚ ਇਸ ਐਕਟ ਤਹਿਤ ਕੋਈ ਵੀ ਵਿਆਹ ਰਜਿਸਟਰਡ ਨਹੀਂ ਕੀਤਾ ਜਾ ਸਕਿਆ। ਦਸਤਾਵੇਜ਼ਾਂ ਵਿਚ ਤਾਂ ਪੰਜਾਬ ਵਿਚ ਆਨੰਦ ਮੈਰਿਜ ਐਕਟ ਲਾਗੂ ਹੈ ਪਰ ਕੰਪਿਊਟਰ ਪ੍ਰੋਗਰਾਮ ਵਿਚ ਇਸ ਦੀ ਕੋਈ ਵਿਵਸਥਾ ਨਹੀਂ, ਜਿਸ ਕਾਰਨ ਹਰ ਸਿੱਖ ਜੋੜੇ ਦਾ ਵਿਆਹ ਹਿੰਦੂ ਧਰਮ ਅਨੁਸਾਰ ਹੀ ਰਜਿਸਟਰਡ ਹੁੰਦਾ ਹੈ।

ਇਹ ਵੀ ਪੜ੍ਹੋ : ਕੈਨੇਡਾ 'ਚ ਪਹਿਲੀ ਵਾਰ ਨਵੰਬਰ ਨੂੰ ਰਾਸ਼ਟਰੀ ਹਿੰਦੂ ਵਿਰਾਸਤ ਮਹੀਨੇ ਵਜੋਂ ਮਨਾ ਰਹੇ ਭਾਰਤੀ

ਜਦੋਂ ਇਹ ਐਕਟ 2016 ਵਿਚ ਅਕਾਲੀ-ਭਾਜਪਾ ਸਰਕਾਰ ਨੇ ਲਾਗੂ ਕੀਤਾ ਸੀ ਤਾਂ ਉਸ ਵੇਲੇ ਦੀ ਸਰਕਾਰ ਇਸ ਨੂੰ ਲਾਗੂ ਕਰਵਾਉਣ ਵਿਚ ਅਸਫ਼ਲ ਰਹੀ ਸੀ। ਬਾਅਦ ’ਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤਾਂ ਸਿੱਖ ਜਥੇਬੰਦੀਆਂ ਦੇ ਦਬਾਅ ਕਾਰਨ ਇਸ ਨੂੰ ਸੂਬੇ ਵਿਚ ਲਾਗੂ ਕਰਨ ਲਈ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਰਕਾਰੀ ਪੱਤਰ ਜਾਰੀ ਕੀਤੇ ਗਏ। ਜਦੋਂ ਪਹਿਲੀ ਵਾਰ ਕੋਈ ਨਤੀਜਾ ਨਾ ਨਿਕਲਿਆ ਤਾਂ ਸਰਕਾਰ ਨੇ ਮੁੜ ਸਖ਼ਤ ਪੱਤਰ ਕੱਢਿਆ। ਦੂਜੇ ਪੱਤਰ ਵਿਚ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਨੰਦ ਮੈਰਿਜ ਐਕਟ ਦਾ ਵਰਣਨ ਕਰਦੇ ਹੋਏ ਕੰਪਿਊਟਰ ਐਪਲੀਕੇਸ਼ਨ ਡਾਊਨਲੋਡ ਕਰਨ ਲਈ ਕਿਹਾ ਗਿਆ ਸੀ। ਵੈੱਬਸਾਈਟ ’ਤੇ ਆਨੰਦ ਮੈਰਿਜ ਐਕਟ ਦਾ ਕੋਈ ਟੈਬ ਨਹੀਂ ਹੈ। ਇਸ ਲਈ ਆਨੰਦ ਮੈਰਿਜ ਐਕਟ ਆਉਣ ’ਤੇ ਕੰਪਿਊਟਰ ਇਸ ਨੂੰ ਆਟੋਮੈਟਿਕ ਢੰਗ ਨਾਲ ਨਾਮਨਜ਼ੂਰ ਕਰ ਦਿੰਦਾ ਹੈ।

ਪੰਜਾਬ ਵਿਚ ਆਨੰਦ ਮੈਰਿਜ ਐਕਟ ਲਾਗੂ ਹੋਣ ਤੋਂ ਬਾਅਦ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਐਕਟ ਤਹਿਤ ਰਜਿਸਟ੍ਰੇਸ਼ਨ ਕਰਵਾਉਣ ਲਈ 2 ਹਜ਼ਾਰ ਦੇ ਲਗਭਗ ਅਰਜ਼ੀਆਂ ਆਈਆਂ ਸਨ। ਇਹ ਵਿਆਹ ਰਜਿਸਟਰਡ ਤਾਂ ਹੋਏ ਪਰ ਸਿਰਫ਼ ਹਿੰਦੂ ਮੈਰਿਜ ਐਕਟ ਤਹਿਤ। ਪੰਜਾਬ ਦੇ ਗ੍ਰਹਿ ਮਹਿਕਮੇ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਸਰਕਾਰ ਨੇ 2 ਵਾਰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਉਨ੍ਹਾਂ ਕੋਲੋਂ ਇਸ ਬਾਰੇ ਜਵਾਬ ਮੰਗਿਆ ਸੀ ਪਰ ਸੂਬੇ ਦੇ ਕਿਸੇ ਵੀ ਰਜਿਸਟ੍ਰਾਰ ਦਫ਼ਤਰ ਨੇ ਆਪਣੇ ਕੰਪਿਊਟਰ ਵਿਚ ਆਨੰਦ ਮੈਰਿਜ ਐਕਟ ਨੂੰ ਇੰਸਟਾਲ ਨਹੀਂ ਕੀਤਾ। 

ਸੂਬੇ ਦੀਆਂ ਤਹਿਸੀਲਾਂ ਨਵਾਂਸ਼ਹਿਰ, ਬਲਾਚੌਰ, ਬੰਗਾ, ਦਸੂਹਾ, ਗੜ੍ਹਸ਼ੰਕਰ ਅਤੇ ਮੁਕੇਰੀਆਂ ਨੇ ਹੀ ਸਰਕਾਰ ਦੇ ਪੱਤਰ ਦਾ ਜਵਾਬ ਦਿੱਤਾ, ਜਦੋਂਕਿ ਬਾਕੀਆਂ ਨੇ ਕੋਈ ਜਵਾਬ ਨਹੀਂ ਦਿੱਤਾ। ਮੁਸ਼ਕਲ ਉਨ੍ਹਾਂ ਸਿੱਖ ਜੋੜਿਆਂ ਨੂੰ ਹੁੰਦੀ ਹੈ, ਜਿਨ੍ਹਾਂ ਨੇ ਵਿਦੇਸ਼ ਜਾਣ ਲਈ ਵੀਜ਼ਾ ਅਪਲਾਈ ਕਰਨਾ ਹੁੰਦਾ ਹੈ। ਉਨ੍ਹਾਂ ਨੂੰ ਦੇਸ਼ ਅਤੇ ਖ਼ਾਸ ਤੌਰ ’ਤੇ ਵਿਦੇਸ਼ ਵਿਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਸਿੱਖ ਜੋੜਿਆਂ ਦੇ ਵਿਆਹ ਆਨੰਦ ਮੈਰਿਜ ਐਕਟ ਤਹਿਤ ਰਜਿਸਟਰਡ ਹੋ ਜਾਣ ਤਾਂ ਉਨ੍ਹਾਂ ਨੂੰ ਦੋਬਾਰਾ ਵਿਆਹ ਰਜਿਸਟਰਡ ਕਰਵਾਉਣ ਦੀ ਲੋੜ ਨਹੀਂ ਪੈਂਦੀ। ਦਿਲਚਸਪ ਗੱਲ ਇਹ ਵੀ ਹੈ ਕਿ ਗੁਆਂਢੀ ਸੂਬਾ ਹਰਿਆਣਾ ਇਸ ਐਕਟ ਨੂੰ ਲਾਗੂ ਕਰਨ ਵਾਲਾ ਪਹਿਲਾ ਸੂਬਾ ਹੈ। ਇਸ ਤੋਂ ਬਾਅਦ ਮੇਘਾਲਿਆ ਅਤੇ ਫਿਰ ਝਾਰਖੰਡ ਨੇ ਇਸ ਐਕਟ ਨੂੰ ਨੋਟੀਫ਼ਾਈ ਕੀਤਾ। ਪੰਜਾਬ ਨੇ ਇਸ ਐਕਟ ਨੂੰ 16 ਅਪ੍ਰੈਲ, 2016 ਨੂੰ ਨੋਟੀਫ਼ਾਈ ਕੀਤਾ ਸੀ ਜੋ ਅਜੇ ਤਕ ਵੀ ਅਸਲ ਢੰਗ ਨਾਲ ਲਾਗੂ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਪੰਥ ਦੇ ਰੁਕੇ ਕੰਮ ਕਰਨਾ ਮੇਰੀ ਪਹਿਲ, ਇਸ ਲਈ ਚੋਣ ਲੜਨ ਲਈ ਅੱਗੇ ਆਈ: ਬੀਬੀ ਜਗੀਰ ਕੌਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

shivani attri

This news is Content Editor shivani attri