ਡਿਸਟਿ੍ਕਟ ਕੰਜ਼ਿਊਮਰ ਫੋਰਮ ਨੇ ਟਰੱਸਟ ਚੇਅਰਮੈਨ ਆਹਲੂਵਾਲੀਆ ਦੇ ਕੱਢੇ ਅਰੈਸਟ ਵਾਰੰਟ

01/13/2020 10:19:54 AM


ਜਲੰਧਰ (ਚੋਪੜਾ) - ਇੰਪਰੂਵਮੈਂਟ ਟਰੱਸਟ ਦੀਆਂ ਅਦਾਲਤੀ ਮਾਮਲਿਆਂ ਸਬੰਧੀ ਸਾਲ 2020 ’ਚ ਵੀ ਮੁਸ਼ਕਲਾਂ ਘੱਟ ਹੋਣ ਦੇ ਕੋਈ ਆਸਾਰ ਨਹੀਂ ਵਿਖਾਈ ਦੇ ਰਹੇ। ਹੁਣ ਡਿਸਟ੍ਰਿਕ ਕੰਜ਼ਿਊਮਰ ਫੋਰਮ ਨੇ ਆਪਣੇ ਹੁਕਮਾਂ ਦੀ ਉਲੰਘਣਾ ਕਰਨ ’ਤੇ 2 ਵੱਖ-ਵੱਖ ਕੇਸਾਂ ’ਚ ਟਰੱਸਟ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਅਰੈਸਟ ਵਾਰੰਟ ਕੱਢੇ ਹਨ। ਇਨ੍ਹਾਂ ਕੇਸਾਂ ’ਚੋਂ ਇਕ ਕੇਸ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਅਲਾਟੀ ਸਵ. ਡਾ. ਡੀ. ਡੀ. ਜੋਤੀ ਦੇ ਪੁੱਤਰ ਸੁਵਿਕਰਮ ਜੋਤੀ ਅਤੇ ਦੂਜਾ ਕੇਸ ਸੂਰਿਆ ਐਨਕਲੇਵ ਐਕਸਟੈਂਸ਼ਨ ਦੇ ਅਲਾਟੀ ਪ੍ਰੇਮ ਵਾਲੀਆ ਨਾਲ ਸਬੰਧਤ ਹੈ। ਫੋਰਮ ਨੇ ਇੰਪਰੂਵਮੈਂਟ ਟਰੱਸਟ ਨਾਲ ਸਬੰਧਤ ਕੇਸਾਂ ’ਚ ਟਰੱਸਟ ਨੂੰ ਲਿਤਾੜ ਲਾਉਂਦੇ ਹੋਏ ਅਲਾਟੀ ਡਾ. ਡੀ. ਡੀ. ਜੋਤੀ ਨਾਲ ਗੈਰ-ਸਹਿਯੋਗੀ, ਲਾਪ੍ਰਵਾਹ, ਬੇਰੁਖੇ ਅਤੇ ਅਭਿਮਾਨੀ ਰਵੱਈਏ ਕਾਰਨ ਸਰੀਰਕ ਅਤੇ ਮਾਨਸਿਕ ਤੌਰ ’ਤੇ ਪ੍ਰਤਾੜਿਤ ਹੋਣ ਦਾ ਜ਼ਿਕਰ ਫੈਸਲੇ ’ਚ ਕੀਤਾ। ਇਸ ਕੇਸ ਦੀ ਅਗਲੀ ਸੁਣਵਾਈ 10 ਫਰਵਰੀ 2020 ਨੂੰ ਰੱਖੀ ਗਈ ਹੈ। ਟਰੱਸਟ ਚੇਅਰਮੈਨ ਹੁਣ ਜਾਂ ਤਾਂ ਦੋਵੇਂ ਅਲਾਟੀਆਂ ਨੂੰ ਪਲਾਟਾਂ ਦਾ ਕਬਜ਼ਾ ਦੇਣਗੇ ਜਾਂ ਫਿਰ ਗ੍ਰਿਫਤਾਰ ਹੋਣਗੇ, ਨਹੀਂ ਤਾਂ ਗ੍ਰਿਫਤਾਰੀ ਤੋਂ ਬਚਣ ਲਈ ਡਿਸਟ੍ਰਿਕ ਕੰਜ਼ਿਊਮਰ ਫੋਰਮ ਦੇ ਫੈਸਲੇ ਖਿਲਾਫ ਸਟੇਟ ਕਮਿਸ਼ਨ ’ਚ ਅਪੀਲ ਦਰਜ ਕਰਨਗੇ।


ਕੀ ਹਨ ਦੋਵੇਂ ਮਾਮਲੇ, ਕਿਉਂ ਦੋਵੇਂ ਕੇਸਾਂ ’ਚ ਨਿਕਲੇ ਚੇਅਰਮੈਨ ਦੇ ਅਰੈਸਟ ਵਾਰੰਟ

ਇਸ ਮਾਮਲੇ ’ਚ ਅਲਾਟੀ ਸਵ. ਡਾ. ਡੀ. ਡੀ. ਜੋਤੀ ਦੇ ਪੁੱਤਰ ਸੁਵਿਕਰਮ ਜੋਤੀ ਨਿਵਾਸੀ ਪ੍ਰੇਮ ਨਗਰ ਜਲੰਧਰ ਨੇ ਡਿਸਟ੍ਰਿਕ ਕੰਜ਼ਿਊਮਰ ’ਚ 1 ਜੂਨ 2017 ’ਚ ਟਰੱਸਟ ਖਿਲਾਫ ਕੇਸ ਦਰਜ ਕੀਤਾ ਕਿ ਉਨ੍ਹਾਂ ਦੇ ਪਿਤਾ ਸਵ. ਡਾ. ਜੋਤੀ ਨੂੰ 15 ਜੂਨ 2009 ਨੂੰ ਲੋਕਲ ਡਿਸਪਲੇਸਡ ਪਰਸਨ (ਐੱਲ. ਡੀ. ਪੀ.) ਕੋਟੇ ’ਚ ਗੁਰੂ ਗੋਬਿੰਦ ਸਿੰਘ ਐਵੇਨਿਊ ’ਚ 250-250 ਗਜ਼ ਦੇ 2 ਪਲਾਟ ਜਿਨ੍ਹਾਂ ਦੇ ਨੰਬਰ-142 ਅਤੇ 143 ਹਨ, ਅਲਾਟ ਹੋਏ ਸਨ। ਸਵ. ਡਾ. ਜੋਤੀ ਨੇ 14 ਜੁਲਾਈ 2009 ਨੂੰ ਦੋਵੇਂ ਪਲਾਟਾਂ ਦੇ 2,24750 ਰੁਪਏ ਦੇ ਹਿਸਾਬ ਨਾਲ ਬਣਦੇ 4,49500 ਰੁਪਏ ਟਰੱਸਟ ਨੂੰ ਜਮ੍ਹਾ ਕਰਵਾਏ ਸਨ, ਜਿਸ ਤੋਂ ਬਾਅਦ 30 ਨਵੰਬਰ 2009 ਨੂੰ ਦੋਵੇਂ ਪਲਾਟਾਂ ਦੀ ਪਹਿਲੀ ਕਿਸ਼ਤ ਮੁਤਾਬਕ ਕੁਲ ਬਣਦੀ ਰਕਮ 302250 ਵੀ ਜਮ੍ਹਾ ਕਰਵਾ ਦਿੱਤੀ ਪਰ 17 ਦਸੰਬਰ 2019 ਨੂੰ ਉਨ੍ਹਾਂ ਨੂੰ ਟਰੱਸਟ ਦਾ ਇਕ ਲੈਟਰ ਮਿਲਿਆ, ਜਿਸ ਨਾਲ ਦੋਵੇਂ ਪਲਾਟਾਂ ਦੀਆਂ ਕਿਸ਼ਤਾਂ ਨਾਲ ਸਬੰਧਤ ਟਰੱਸਟ ’ਚ ਜਮ੍ਹਾ ਕਰਵਾਏ ਡਰਾਫਟ ਵੀ ਲੱਗੇ ਸਨ, ਲੈਟਰ ’ਚ ਲਿਖਿਆ ਸੀ ਕਿ ਕਿਉਂਕਿ ਤੁਹਾਡੀ ਦੋਵੇਂ ਪਲਾਟਾਂ ਨਾਲ ਸਬੰਧਤ ਇਨਕੁਆਰੀ ਪੰਜਾਬ ਸਰਕਾਰ ਕੋਲ ਵਿਚਾਰ ਅਧੀਨ ਹੈ, ਜਿਸ ਕਾਰਣ ਟਰੱਸਟ ਤੁਹਾਡੀਆਂ ਕਿਸ਼ਤਾਂ ਜਮ੍ਹਾ ਨਹੀਂ ਕਰ ਸਕਦਾ ਅਤੇ ਜਦੋਂ ਇਨਕੁਆਰੀ ਖਤਮ ਹੋ ਜਾਵੇਗੀ ਟਰੱਸਟ ਤੁਹਾਡੀਆਂ ਕਿਸ਼ਤਾਂ ਲੈ ਲਵੇਗਾ।

ਸੁਵਿਕਰਮ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ 2 ਸਾਲ ਇੰਤਜ਼ਾਰ ਕਰਨ ਤੋਂ ਬਾਅਦ 12 ਜਨਵਰੀ 2011 ਨੂੰ ਟਰੱਸਟ ਨੂੰ ਸਾਰੀਆਂ ਕਿਸ਼ਤਾਂ ਜਮ੍ਹਾ ਕਰਵਾ ਕੇ ਪਲਾਟਾਂ ਦਾ ਕਬਜ਼ਾ ਲੈਣ ਗਏ ਪਰ ਟਰੱਸਟ ਨੇ ਉਨ੍ਹਾਂ ਨੂੰ ਕਬਜ਼ਾ ਦੇਣ ਦੀ ਬਜਾਏ ਉਲਟਾ ਅਧਿਕਾਰੀਆਂ ਨੇ ਸਰੀਰਕ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ। 3 ਅਕਤੂਬਰ 2014 ਡੀ. ਡੀ. ਜੋਤੀ ਦਾ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਸੁਵਿਕਰਮ ਨੇ ਫੋਰਮ ’ਚ ਟਰੱਸਟ ਖਿਲਾਫ ਕੇਸ ਦਰਜ ਕਰ ਦਿੱਤਾ। ਫੋਰਮ ਨੇ 18 ਮਾਰਚ 2019 ਨੂੰ ਫੈਸਲਾ ਸੁਣਾਉਂਦੇ ਹੋਏ ਟਰੱਸਟ ਨੂੰ ਹੁਕਮ ਦਿੱਤਾ ਕਿ ਅਲਾਟੀ ਤੋਂ ਪੇਮੈਂਟ ਲੈ ਕੇ 1 ਮਹੀਨੇ ’ਚ ਦੋਵੇਂ ਪਲਾਟਾਂ ਦਾ ਕਬਜ਼ਾ ਦੇ ਦਿੱਤਾ ਜਾਵੇ। ਇਸ ਦੇ ਨਾਲ ਹੀ ਟਰੱਸਟ ਅਲਾਟੀ ਨੂੰ 20,000 ਮੁਆਵਜ਼ਾ ਅਤੇ 7 ਹਜ਼ਾਰ ਰੁਪਏ ਕਾਨੂੰਨੀ ਖਰਚਾ ਵੀ ਦੇਵੇ ਪਰ ਟਰੱਸਟ ਵਲੋਂ ਕੋਈ ਕਾਰਵਾਈ ਨਾ ਕਰਨ ’ਤੇ ਸੁਵਿਕਰਮ ਨੇ 3 ਅਕਤੂਬਰ 2019 ਨੂੰ ਫੋਰਮ ’ਚ ਐਕਸੀਕਿਊਸ਼ਨ ਲਾਈ, ਜਿਸ ’ਤੇ ਡਿਸਟ੍ਰਿਕ ਫੋਰਮ ਨੇ 7 ਜਨਵਰੀ 2020 ਨੂੰ ਟਰੱਸਟ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਅਰੈਸਟ ਵਾਰੰਟ ਕੱਢੇ ਹਨ।

ਕੇਸ ਨੰਬਰ-2 - ਟਰੱਸਟ ਦੀ ਸੀ ਬਲਾਕ ਨੂੰ ਡੀ ਲਿਖਣ ਦੀ ਗਲਤੀ ਠੀਕ ਕਰਵਾਉਣ ਲਈ ਬਜ਼ੁਰਗ ਔਰਤ ਨੇ ਖਾਧੇ 9 ਸਾਲ ਧੱਕੇ
ਜਿਨ੍ਹਾਂ ਕੇਸਾਂ ’ਚ ਦਲਜੀਤ ਸਿੰਘ ਆਹਲੂਵਾਲੀਆ ਦੇ ਅਰੈਸਟ ਵਾਰੰਟ ਜਾਰੀ ਹੋਏ ਹਨ ਉਨ੍ਹਾਂ ’ਚੋਂ ਦੂਜੇ ਕੇਸ ਦੀ ਅਲਾਟੀ ਪ੍ਰੇਮ ਵਾਲੀਆ ਪਤਨੀ ਮਦਨ ਗੋਪਾਲ ਵਾਲੀਆ, ਨਿਵਾਸੀ ਹਾਊਸਿੰਗ ਬੋਰਡ ਕਾਲੋਨੀ, ਅਰਬਨ ਅਸਟੇਟ ਫੇਜ਼-1 ਨੂੰ 23 ਦਸੰਬਰ 2011 ਨੂੰ ਸੂਰਿਆ ਐਨਕਲੇਵ ਐਕਸਟੈਂਸ਼ਨ ’ਚ ਪੈਨਸ਼ਨ ਕੈਟਾਗਰੀ ’ਚ ਪਲਾਟ ਨੰਬਰ-162ਸੀ ਅਲਾਟ ਹੋਇਆ ਸੀ ਪਰ ਟਰੱਸਟ ਵਲੋਂ ਜਾਰੀ ਕੀਤੇ ਗਏ ਅਲਾਟਮੈਂਟ ਲੈਟਰ ਜੇ. ਆਈ. ਟੀ. /4577- ਤਰੀਕ 2-4-2012 ’ਚ ਪ੍ਰੇਮ ਵਾਲੀਆ ਨੂੰ ਅਲਾਟ ਹੋਏ ਪਲਾਟ ਦਾ ਨੰਬਰ 162ਸੀ ਦੀ ਬਜਾਏ 162ਡੀ ਲਿਖਿਆ ਗਿਆ ਸੀ। ਬਜ਼ੁਰਗ ਔਰਤ ਸਾਲਾਂ ਤੋਂ ਆਪਣੇ ਪਲਾਟ ਦਾ ਨੰਬਰ ਠੀਕ ਕਰਵਾਉਣ ਨੂੰ ਲੈ ਕੇ ਟਰੱਸਟ ਦੇ ਧੱਕੇ ਖਾਂਦੀ ਰਹੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਟਰੱਸਟ ਨੇ ਉਨ੍ਹਾਂ ਨੂੰ ਪਲਾਟ ਦਾ ਕਬਜ਼ਾ ਸੌਂਪਿਆ। ਹਾਲਾਂਕਿ ਅਲਾਟੀ ਨੇ ਇਸ ਦੌਰਾਨ ਬੈਂਕ ਤੋਂ ਕਰਜ਼ਾ ਲੈ ਕੇ ਟਰੱਸਟ ਨੂੰ ਪਲਾਟ ਦੀ ਪੂਰੀ ਪੇਮੈਂਟ 21,56125 ਰੁਪਏ ਦੀ ਅਦਾਇਗੀ ਵੀ ਕਰ ਦਿੱਤੀ ਸੀ।

ਆਖਿਰਕਾਰ ਬਜ਼ੁਰਗ ਅਲਾਟੀ ਨੇ ਥੱਕ-ਹਾਰ ਕੇ ਡਿਸਟ੍ਰਿਕ ਕੰਜ਼ਿਊਮਰ ਫੋਰਮ ਦਾ ਸਹਾਰਾ ਲੈਂਦੇ ਹੋਏ ਮਈ 2017 ’ਚ ਟਰੱਸਟ ਖਿਲਾਫ ਕੇਸ ਦਰਜ ਕੀਤਾ। 2 ਸਾਲ 2 ਮਹੀਨੇ ਤੋਂ ਬਾਅਦ ਫੋਰਮ ਨੇ 8 ਜੁਲਾਈ 2019 ਨੂੰ ਅਲਾਟੀ ਦੇ ਪੱਖ ’ਚ ਫੈਸਲਾ ਕਰਦੇ ਹੋਏ ਟਰੱਸਟ ਨੂੰ ਹੁਕਮ ਜਾਰੀ ਕੀਤੇ ਕਿ ਜੇਕਰ ਅਲਾਟੀ ਦੀ ਪਲਾਟ ਨਾਲ ਸਬੰਧਤ ਕੋਈ ਵੀ ਪੇਮੈਂਟ ਬਾਕੀ ਹੈ ਤਾਂ ਉਹ ਵਸੂਲ ਕਰ ਕੇ 2 ਮਹੀਨਿਆਂ ’ਚ ਪਲਾਟ ਦਾ ਕਬਜ਼ਾ ਦੇਣ। ਟਰੱਸਟ ਵਲੋਂ ਕੰਜ਼ਿਊਮਰ ਫੋਰਮ ਦੇ ਹੁਕਮਾਂ ਨੂੰ ਪੂਰਾ ਨਾ ਕਰਨ ’ਤੇ ਅਲਾਟੀ ਨੇ 22 ਅਕਤੂਬਰ 2019 ਨੂੰ ਫੋਰਮ ’ਚ ਐਕਸੀਕਿਊਸ਼ਨ ਲਾਈ। ਫੋਰਮ ਨੇ 7 ਜਨਵਰੀ 2020 ਨੂੰ ਆਪਣੇ ਨਵੇਂ ਫੈਸਲਿਆਂ ’ਚ ਆਦੇਸ਼ਾਂ ਦੀ ਉਲੰਘਣਾ ਕਰਨ ਸਬੰਧੀ ਟਰੱਸਟ ਚੇਅਰਮੈਨ ਦੇ ਅਰੈਸਟ ਵਾਰੰਟ ਜਾਰੀ ਕੀਤੇ ਹਨ।
 

 

rajwinder kaur

This news is Content Editor rajwinder kaur