ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਵੱਲੋਂ ਰੇਲਵੇ ਕੋਚ ਫੈਕਟਰੀ ਦੇ ਮੇਨ ਗੇਟ ''ਤੇ ਰੋਸ ਰੈਲੀ

01/18/2018 7:43:47 AM

ਕਪੂਰਥਲਾ, (ਮੱਲ੍ਹੀ)- ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੇਂਦਰੀ ਰੇਲਵੇ ਬੋਰਡ ਵਲੋਂ ਆਰ. ਸੀ. ਐੱਫ. ਕਪੂਰਥਲਾ ਸਮੇਤ ਸਮੁੱਚੇ ਰੇਲਵੇ ਬੋਰਡ ਦੀਆਂ ਉਤਪਾਦਨ ਇਕਾਈਆਂ 'ਚ ਨਵੀਂ ਭਰਤੀ 'ਚ 10 ਫੀਸਦੀ ਕਟੌਤੀ ਕਰਨ, ਐਕਟ ਅਪ੍ਰੈਂਰਿੰਟਸਾਂ ਦੀ ਭਰਤੀ ਤੇ ਹੋਰ ਰੇਲਵੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰਨ ਤੇ ਇਨਸੈਟਿਵ ਆਦਿ ਨੂੰ ਬੰਦ ਕਰਨ ਦੀ ਪ੍ਰਪੋਜ਼ਲ ਖਿਲਾਫ ਅੱਜ ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਵੱਲੋਂ ਰੇਲ ਕੋਚ ਫੈਕਟਰੀ ਦੇ ਮੇਨ ਗੇਟ 'ਤੇ ਵਿਸ਼ਾਲ ਰੋਸ ਰੈਲੀ ਦਾ ਆਯੋਜਨ ਕੀਤਾ ਗਿਆ। 
ਉਕਤ ਵਿਸ਼ਾਲ ਰੋਸ ਵੰਗਾਰ ਰੈਲੀ 'ਚ ਸ਼ਾਮਲ ਹੋਏ ਵੱਡੀ ਗਿਣਤੀ 'ਚ ਰੇਲਵੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਸਰਵਜੀਤ ਸਿੰਘ ਨੇ ਕਿਹਾ ਕਿ ਰੇਲਵੇ ਦੇ ਨਿੱਜੀਕਰਣ ਦੀਆਂ ਸਾਜ਼ਿਸ਼ਾਂ ਤਹਿਤ ਇਕ ਪਾਸੇ ਰੇਲਵੇ ਬੋਰਡ ਵਲੋਂ ਨਵੀਂ ਭਰਤੀ, ਵਧਦੇ ਉਤਪਾਦਨ ਟੀਚੇ ਮੁਤਾਬਿਕ ਨਵੀਆਂ ਪੋਸਟਾਂ, ਐਕਟ ਅਪ੍ਰੈਂਰਿੰਟਸਾਂ ਦੀ ਭਰਤੀ ਤੇ ਹੋਰ ਮੰਗਾਂ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਇਨਸੈਟਿਵ ਦਾ ਅਧਿਕਾਰ ਵੀ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਬੋਰਡ ਵਲੋਂ ਉਤਪਾਦਨ ਇਕਾਈਆਂ (ਰੇਲਵੇ ਦੀਆਂ) ਦੀ ਮੈਨਪਾਵਰ ਉਪਰ 10 ਫੀਸਦੀ ਕੱਟ ਲਾਉਣ 'ਤੇ ਉਤਪਾਦਨ ਨੂੰ ਤਿੰਨ ਗੁਣਾ ਵਧਾਉਣ ਦੇ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਰੇਲਵੇ ਬੋਰਡ/ਭਾਰਤ ਸਰਕਾਰ ਦੀ ਨੀਤੀ ਬਿਬੇਕ ਦੇ ਬਰਾਏ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਰੇਲਵੇ ਦਾ ਨਿੱਜੀਕਰਣ ਕਰਨ ਦੀ ਹੈ। 
ਉਨ੍ਹਾਂ ਨਾਰਥ ਵੈਸਟਰਨ ਰੇਲਵੇ (ਐੱਨ. ਆਈ. ਐੱਨ. ਆਰ.) 'ਚੋਂ 370 ਐਕਟ ਅਪ੍ਰੈਂਰਿੰਟਸਾਂ ਨੂੰ ਨੌਕਰੀ ਤੋਂ ਬਾਹਰ ਕੱਢਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਆਰ. ਸੀ. ਐੱਫ. ਤੋਂ ਨੌਜਵਾਨ ਕਾਮਿਆਂ ਨੂੰ ਸੁਚੇਤ ਹੋਣ ਦੀ ਅਪੀਲ ਕੀਤੀ। 
ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਅਮਰੀਕ ਸਿੰਘ, ਮਨਜੀਤ ਸਿੰਘ ਬਾਜਵਾ ਤੇ ਜਸਪਾਲ ਸਿੰਘ ਸੇਖੋਂ ਨੇ ਕਿਹਾ ਕਿ ਇਕ ਪਾਸੇ ਸਰਕਾਰਾਂ ਕਿਰਤੀ ਲੋਕਾਂ ਨੂੰ ਮਿਲਦੇ ਨਿਗੁਣ ਹੱਕਾਂ ਉਪਰ ਲਗਾਮ ਲਗਾ ਰਿਹਾ ਹੈ ਤੇ ਕਿਰਤ ਕਾਨੂੰਨਾਂ 'ਚ ਪੂੰਜੀਪਤੀਆਂ ਮੁਤਾਬਿਕ ਫੇਰ-ਬਦਲ ਕਰ ਰਹੀਆਂ ਹਨ ਤੇ ਮਨਮਰਜ਼ੀ ਦੇ ਕਾਨੂੰਨ ਬਣਾ ਕੇ ਮਿਹਨਤਕਸ਼ ਕਾਮਿਆਂ ਤੇ ਮੁਲਾਜ਼ਮਾਂ ਦੇ ਹੱਕਾਂ ਤੇ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ, ਜਿਸ ਨੂੰ ਉਹ ਹਰਗਿਜ਼ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਬਹੁਤ ਹੀ ਹੈਰਾਨੀ ਨਾਲ ਕਹਿਣਾ ਪੈ ਰਿਹਾ ਹੈ ਕਿ ਰੇਲਵੇ ਪ੍ਰਸ਼ਾਸਨ 7-8 ਮਹੀਨੇ ਤੋਂ ਆਰ. ਸੀ. ਐੱਫ. 'ਚ ਮਟੀਰੀਅਲ ਦਾ ਪ੍ਰਬੰਧ ਨਹੀਂ ਕਰ ਸਕੀ, ਜਿਸ ਕਰ ਕੇ ਆਰ. ਸੀ. ਐੱਫ. ਕਪੂਰਥਲਾ 'ਚ ਮਟੀਰੀਅਲ ਦੀ ਕਮੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ, ਰੇਲਵੇ ਮੁਲਾਮ ਜਥੇਬੰਦੀਆਂ ਵਲੋਂ ਮਟੀਰੀਅਲ ਦੀ ਕਮੀ ਪੂਰੀ ਕਰਨ ਲਈ ਰੋਸ ਰੈਲੀਆਂ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਦੂਸਰੇ ਪਾਸੇ ਫੈਕਟਰੀ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਤਕ ਨਹੀਂ ਸਰਕ ਰਹੀ। 
ਉਕਤ ਵਿਸ਼ਾਲ ਵੰਗਾਰ ਰੋਸ ਰੈਲੀ 'ਚ ਵੱਡੀ ਗਿਣਤੀ 'ਚ ਰੇਲਵੇ ਮੁਲਾਜ਼ਮਾਂ ਦੇ ਨਾਲ-ਨਾਲ ਯੂਨੀਅਨ ਵਲੋਂ ਬਚਿੱਤਰ ਸਿੰਘ, ਨਰਿੰਦਰ ਕੁਮਾਰ, ਪਰਮਜੀਤ ਸਿੰਘ ਖਾਲਸਾ, ਬਾਬੂ ਸਿੰਘ, ਪ੍ਰਦੀਪ ਸਿੰਘ, ਅਜੈਬ ਸਿੰਘ, ਬਲਦੇਵ ਰਾਜ, ਸਤਪਾਲ ਸਿੰਘ, ਦਲਜੀਤ ਸਿੰਘ ਥਿੰਦ, ਕੇਵਲ ਸਿੰਘ, ਸੁਨੀਲ ਕੁਮਾਰ, ਤਰਲੋਚਨ ਸਿੰਘ, ਭਾਨ ਸਿੰਘ, ਬੂਟਾ ਰਾਮ, ਐੱਸ. ਪੀ. ਸਿੰਘ, ਨਵਜੋਤ ਸਿੰਘ, ਗੁਰਮੀਤ ਸਿੰਘ, ਅੰਮ੍ਰਿਤ ਚੌਧਰੀ, ਰਮਨਦੀਪ ਸਿੰਘ ਤੇ ਗੁਰਤੇਜ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ, ਜਿਨ੍ਹਾਂ ਕੇਂਦਰ ਸਰਕਾਰ ਤੇ ਕੇਂਦਰੀ ਰੇਲਵੇ ਬੋਰਡ ਤੇ ਆਰ. ਸੀ. ਐੱਫ. ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।