ਕੈਪਟਨ ਸਾਬ! ਬੱਚਿਆਂ ਦੀਆਂ ਰਹਿੰਦੀਆਂ ਕਿਤਾਬਾਂ ਕਦੋਂ ਮਿਲਣਗੀਆਂ...?

07/01/2017 6:07:16 PM

ਕਪੂਰਥਲਾ (ਮੱਲ੍ਹੀ)— ਸੱਤਾ 'ਚ ਆਉਣ ਲਈ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦਿਆਂ ਉਨ੍ਹਾਂ ਨੂੰ ਢੇਰ ਸਾਰੇ ਸੁੱਖਾਂ ਵਾਲੇ ਸਬਜ਼ਬਾਗ ਵਿਖਾਏ ਸਨ ਪਰ ਹੁਣ ਸੱਤਾ ਸੰਭਾਲਣ ਦੇ ਦਿਨਾਂ ਦੀ ਸੈਂਚਰੀ ਪੂਰੀ ਕਰ ਚੁੱਕੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਪੰਜਾਬ ਵੱਲੋਂ ਆਪਣੇ ਚੋਣ ਮੈਨੀਫੈਸਟੋ 'ਚ ਕੀਤੇ ਚੋਣ ਵਾਅਦੇ ਪੂਰੇ ਨਾ ਕਰਨ ਕਰਕੇ ਕਿਸਾਨਾਂ, ਮਜਦੂਰਾਂ, ਮੁਲਾਜ਼ਮਾਂ, ਵਪਾਰੀਆਂ, ਬੋਰੇਜ਼ਗਾਰ ਨੌਜਵਾਨਾਂ ਅਤੇ ਆਮ ਪਬਲਿਕ 'ਚ ਹਾਹਾਕਾਰ ਮਚੀ ਹੋਈ ਹੈ। ਲੋਕ ਕਾਂਗਰਸ ਦੇ ਹੱਕ 'ਚ ਦਿੱਤੇ ਆਪਣੇ ਫਤਵੇਂ ਨੂੰ ਲੈ ਕੇ ਪਰੇਸ਼ਾਨ ਦਿਖਾਈ ਦੇ ਰਹੇ ਹਨ। ਹੋਰ ਤਾਂ ਹੋਰ ਨਵੇਂ ਵਿਦਿਅਕ ਵਰ੍ਹੇ 2017-18 ਦੌਰਾਨ ਸਰਕਾਰੀ ਪ੍ਰਾਇਮਰੀ/ਐਲੀਮੈਂਟਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਨੂੰ ਲੋੜੀਦੀਆਂ ਪੜ੍ਹਨ ਲਈ ਕਿਤਾਬਾਂ ਵੀ ਨਹੀ ਦਿੱਤੀਆਂ ਗਈਆਂ ਜਦਕਿ ਵਿਦਿਅਕ ਸੈਸ਼ਨ ਸ਼ੁਰੂ ਹੋਏ ਨੂੰ ਵੀ ਚੌਥਾ ਮਹੀਨਾ ਸ਼ੁਰੂ ਹੋ ਗਿਆ ਹੈ। 
ਈ. ਟੀ. ਯੂ. (ਐਲੀਮੈਂਟਰੀ ਟੀਚਰ ਯੂਨੀਅਨ) ਦੇ ਪੰਜਾਬ ਵਰਕਿੰਗ ਕਮੇਟੀ ਦੇ ਮੈਂਬਰ ਰਵੀ ਵਾਹੀ, ਜੌਲੀ ਸੁਲਤਾਨਪੁਰ ਲੋਧੀ ਹਰਜਿੰਦਰ ਸਿੰਘ ਢੋਟ ਅਤੇ ਰਜਿੰਦਰ ਸਿੰਘ ਭੌਰ ਆਦਿ ਨੇ ਪੂਰੀਆਂ ਕਿਤਾਬਾਂ ਨਾ ਮਿਲਣ 'ਤੇ ਆਪਣੀ ਸਖਤ ਪ੍ਰਤੀਕ੍ਰਿਆ ਦਿੰਦਿਆ ਕਿਹਾ ਕਿ ਕੈਪਟਨ ਸਾਬ! ਬੱਚਿਆਂ ਦੀਆਂ ਰਹਿੰਦੀਆਂ ਕਿਤਾਬਾਂ ਕਦੋ ਮਿਲਣਗੀ? ਉਨ੍ਹਾਂ ਕਿਹਾ ਕਿ ਕਿਤਾਬਾਂ ਪੂਰੀਆਂ ਨਾ ਮਿਲਣ ਕਾਰਨ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਉਕਤ ਯੂਨੀਅਨ ਆਗੂਆਂ ਨੇ ਕਿਹਾ ਕਿ ਜਿਹੜੀ ਪਾਰਟੀ ਆਪਣੇ ਰਾਜ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਗਰੀਬ ਵਿਦਿਆਰਥੀਆਂ ਨੂੰ ਸਮੇਂ ਸਿਰ ਜਾਰੀ ਨਹੀਂ ਕਰਵਾ ਸਕੀ ਉਸ ਕੋਲੋਂ ਹੋਰ ਵਧੇਰੇ ਸਹੂਲਤਾਂ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ? ਯੂਨੀਅਨ ਆਗੂਆਂ ਕਿਹਾ ਕਿ ਯਾਦ ਰਹੇ ਕਿ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੀ ਵਧੇਰੇ ਗਿਣਤੀ ਐੱਸ.ਸੀ/ਬੀ.ਸੀ. ਕੈਟਾਗਿਰੀ ਦੇ ਬੱਚਿਆਂ ਦੀ ਵਧੇਰੇ ਹੈ, ਜਿਨ੍ਹਾਂ ਨੂੰ ਸੰਵਿਧਾਨ ਰਾਹੀ ਮਿਲੇ ਫੰਡਾਮੈਂਟਲ ਅਧਿਕਾਰਾਂ ਤਹਿਤ ਮਿਲਣ ਵਾਲੀਆਂ ਸਹੂਲਤਾਂ ਦੀ ਵਧੇਰੇ ਲੋੜ ਹੈ, ਜਿਨ੍ਹਾਂ ਨੂੰ ਕਿਤਾਬਾਂ ਨਾ ਮਿਲਣਾ ਕੈਪਟਨ ਸਰਕਾਰ ਦੀ ਵੱਡੀ ਅਣਗਹਿਲੀ ਕਿਹਾ ਜਾ ਸਕਦਾ ਹੈ। 
ਉਨ੍ਹਾਂ ਆਖਿਆ ਕਿ ਵਿਦਿਅਕ ਵਰ੍ਹੇ 2017-18 ਦੌਰਾਨ ਪ੍ਰਾਇਮਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਕੋਈ ਵੀ ਪੁਸਤਕ ਨਹੀ ਮਿਲੀ ਚੌਥੀ ਜਮਾਤ ਨੂੰ ਗਣਿਤ ਨਹੀਂ ਮਿਲਿਆ। ਇਸ ਤਰ੍ਹਾਂ ਬੱਚੇ ਟੀਚਰਾਂ ਦੀ ਸਹਾਇਤਾ ਨਾਲ ਪੁਰਾਣੀਆਂ ਇੱਕਤਰ ਕੀਤੀਆਂ ਕਿਤਾਬਾਂ ਨਾਲ ਡੰਗ ਸਾਰ ਰਹੇ ਹਨ ਜਦਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਕਿਤਾਬਾਂ ਮੁਹੱਈਆਂ ਕਰਾਉਣ ਦੇ ਮਾਮਲੇ 'ਚ ਚੁੱਪਧਾਰ ਕੇ ਬੈਠਾ ਹੈ। ਖੇਤਰੀ ਡਿਪੂ ਬੁੱਕ ਮੈਨੇਜਰ ਕਪੂਰਥਲਾ ਸ਼ਿੰਗਾਰਾ ਸਿੰਘ ਨਾਲ ਜਦੋਂ ਕਿਤਾਬਾਂ ਦੇ ਮਾਮਲੇ 'ਚ ਦੇਰੀ ਨਾ ਕਾਰਨ ਪਤਾ ਕਰਨ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਰਹਿੰਦੀਆਂ ਪੁਸਤਕਾਂ ਅਤੇ ਹੋਰ ਲੋੜੀਦੀਆਂ ਪੁਸਤਕਾਂ ਅਜੇ ਤੱਕ ਨਹੀ ਪਹੁੰਚੀਆਂ ਜਦੋਂ ਪਹੁੰਚਣਗੀਆਂ ਉਦੋਂ ਸਕੂਲਾਂ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ।