ਘਰੇਲੂ ਬਿਜਲੀ ਮੀਟਰ ਲਾਉਣ ਬਦਲੇ 10,000 ਰੁਪਏ ਦੀ ਰਿਸ਼ਵਤ ਲੈਂਦਾ ਲਾਈਨਮੈਨ ਵਿਜੀਲੈਂਸ ਬਿਊਰੋ ਵੱਲੋਂ ਕਾਬੂ

08/17/2022 6:13:49 PM

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਮਕਸਦ ਨਾਲ ਚਲਾਈ ਜਾ ਰਹੀ ਮੁਹਿੰਮ ਦੌਰਾਨ ਅੱਜ ਪਟਿਆਲਾ ਜ਼ਿਲ੍ਹੇ ਦੀ ਪੀ. ਐੱਸ. ਪੀ. ਸੀ. ਐੱਲ. ਸਬ ਡਵੀਜ਼ਨ ਕਲਿਆਣ ਵਿਚ ਤਾਇਨਾਤ ਲਾਈਨਮੈਨ ਕ੍ਰਿਸ਼ਨ ਕੁਮਾਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਲਾਈਨਮੈਨ ਨੂੰ ਸੁਖਵਿੰਦਰ ਸਿੰਘ ਵਾਸੀ ਪਟਿਆਲਾ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਸੀ ਕਿ ਉਕਤ ਕ੍ਰਿਸ਼ਨ ਕੁਮਾਰ ਉਸ ਦੇ ਨਾਭਾ ਰੋਡ, ਪਟਿਆਲਾ ਵਿਖੇ ਪਲਾਟ ਵਿਚ ਘਰੇਲੂ ਬਿਜਲੀ ਦਾ ਮੀਟਰ ਲਗਾਉਣ ਲਈ ਪਹਿਲਾਂ 3,000 ਰੁਪਏ ਦੀ ਰਿਸ਼ਵਤ ਲੈ ਚੁੱਕਾ ਹੈ ਅਤੇ ਹੁਣ ਰਿਸ਼ਵਤ ਵਜੋਂ 10,000 ਰੁਪਏ ਹੋਰ ਪੈਸੇ ਇਹ ਕਹਿ ਕੇ ਮੰਗ ਰਿਹਾ ਹੈ ਕਿ ਇਹ ਰਿਸ਼ਵਤ ਦੀ ਰਕਮ ਪੀ.ਐੱਸ.ਪੀ.ਸੀ.ਐਲ. ਕਲਿਆਣ ਵਿਖੇ ਤਾਇਨਾਤ ਐੱਸ.ਡੀ.ਓ ਅਤੇ ਦੋ ਜੇ.ਈਜ਼. ਨਾਲ ਵੰਡਣੀ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਵਿੱਚ ਤੱਥਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਨੇ ਜਾਲ ਵਿਛਾਇਆ ਅਤੇ ਦੋਸ਼ੀ ਲਾਈਨਮੈਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਦੂਜੀ ਕਿਸ਼ਤ ਵਜੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਉਪਰੋਕਤ ਸਾਰੇ ਦੋਸ਼ੀਆਂ ਖ਼ਿਲਾਫ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।

Gurminder Singh

This news is Content Editor Gurminder Singh