3 ਸਾਲਾਂ ''ਚ ਬਿਜਲੀ ਦੀਆਂ ਦਰਾਂ ਵਧਣ ਦੇ ਵਿਰੋਧ ''ਚ ਭਾਜਪਾਈਆਂ ਨੇ ਮੰਗੀ ਭੀਖ

01/11/2020 3:03:21 PM

ਲੁਧਿਆਣਾ (ਗੁਪਤਾ) : ਪੰਜਾਬ 'ਚ ਕੈਪਟਨ ਸਰਕਾਰ ਦੇ 3 ਸਾਲ ਦੇ ਕਾਰਜਕਾਲ 'ਚ 18 ਵਾਰ ਬਿਜਲੀ ਦੀਆਂ ਦਰਾਂ 'ਚ ਵਾਧਾ ਕਰਨ ਦੇ ਵਿਰੋਧ 'ਚ ਭਾਜਪਾਈਆਂ ਨੇ ਸਥਾਨਕ ਹੰਬੜਾਂ ਰੋਡ ਵਿਖੇ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕਰਦੇ ਲੋਏ ਲੋਕਾਂ ਤੋਂ ਬਿਜਲੀ ਦੇ ਬਿੱਲ ਭਰਨ ਲਈ ਭੀਖ ਦੇ ਰੂਪ 'ਚ ਚੰਦਾ ਮੰਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਭਾਜਪਾ ਦੇ ਸੀਨੀਅਰ ਨੇਤਾ ਕਮਲ ਚੇਟਲੀ ਕਰ ਰਹੇ ਸਨ। ਰਾਹਗੀਰਾਂ ਨੂੰ ਰੋਕ ਕੇ ਉਨ੍ਹਾਂ ਨੂੰ ਬਿਜਲੀ ਦਾ ਬਿੱਲ ਭਰਨ ਲਈ ਲੋਨ ਜਾਂ ਚੰਦਾ ਦਿੱਤੇ ਜਾਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਸੀ।

ਇਸ ਮੌਕੇ ਕਮਲ ਚੇਟਲੀ ਨੇ ਕਿਹਾ ਕਿ ਪੰਜਾਬ 'ਚ ਬਿਜਲੀ ਦੇ ਵਧੇ ਹੋਏ ਬਿੱਲਾਂ ਨੇ ਆਮ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਕੈਪਟਨ ਸਰਕਾਰ ਨੇ ਆਪਣੇ ਪਿਛਲੇ 3 ਸਾਲਾਂ ਦੇ ਰਾਜ 'ਚ 18 ਵਾਰ ਬਿਜਲੀ ਦੀਆਂ ਦਰਾਂ ਵਿਚ ਵਾਧਾ ਕਰ ਕੇ ਆਮ ਆਦਮੀ ਦੀ ਜੇਬ 'ਤੇ ਡਾਕਾ ਮਾਰਿਆ ਹੈ ਜਦੋਂਕਿ ਆਪਣੇ ਚੋਣ ਐਲਾਨ ਪੱਤਰ 'ਚ ਕੈਪਟਨ ਅਮਰਿੰਦਰ ਸਿੰਘ ਨੇ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਜਨਤਾ ਨਾਲ ਵਾਅਦਾ ਕੀਤਾ ਸੀ ਪਰ ਹੁਣ ਜਨਤਾ ਤੋਂ 12 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਦਰ ਵਸੂਲੀ ਜਾ ਰਹੀ ਹੈ। ਅਜਿਹੇ 'ਚ ਲੋਕਾਂ ਨੂੰ ਬਿਜਲੀ ਦੇ ਭਾਰੀ ਬਿੱਲ ਅਦਾ ਕਰਨ ਲਈ ਭੀਖ ਮੰਗਣੀ ਪਵੇਗੀ ਜਾਂ ਫਿਰ ਲੋਨ ਲੈਣਾ ਪਵੇਗਾ। ਇਸ ਚੀਜ਼ ਨੂੰ ਸੰਕੇਤਕ ਪ੍ਰਦਰਸ਼ਨ ਰਾਹੀਂ ਦਰਸਾਇਆ ਜਾ ਰਿਹਾ ਹੈ ਤਾਂ ਕਿ ਕੈਪਟਨ ਸਰਕਾਰ ਨੂੰ ਪੰਜਾਬ ਦੇ ਲੋਕਾਂ 'ਤੇ ਕੁਝ ਤਰਸ ਆਵੇ। ਪੰਜਾਬ ਸਰਕਾਰ ਨੇ ਘਪਲੇ ਕਰ ਕੇ ਪ੍ਰਾਈਵੇਟ ਕੰਪਨੀਆਂ ਤੋਂ ਮਹਿੰਗੀ ਬਿਜਲੀ ਹਾਸਲ ਕੀਤੀ ਹੈ ਅਤੇ ਉਸ ਦਾ ਬੋਝ ਆਮ ਜਨਤਾ 'ਤੇ ਪਾਇਆ ਜਾ ਰਿਹਾ ਹੈ।

Anuradha

This news is Content Editor Anuradha