ਚੋਣ ਨਤੀਜੇ : ਘੱਗਾ ਨਗਰ ਪੰਚਾਇਤ ''ਤੇ ਕਾਂਗਰਸ ਦਾ ਕਬਜ਼ਾ

12/17/2017 7:54:41 PM

ਪਾਤੜਾਂ/ ਘੱਗਾ (ਮਾਨ) : ਨਗਰ ਪੰਚਾਇਤ ਘੱਗਾ ਦੇ 13 ਵਾਰਡਾਂ ਲਈ ਅੱਜ ਪਈਆਂ ਵੋਟਾਂ ਦੌਰਾਨ ਕੁਝ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਚੋਣ ਅਮਲ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਿਆ। ਸਵੇਰੇ ਅੱਠ ਵਜੇ ਸ਼ੁਰੂ ਹੋਈ ਪੋਲਿੰਗ ਦੌਰਾਨ ਵੋਟਰਾਂ ਨੇ ਭਾਰੀ ਉਤਸ਼ਾਹ ਨਾਲ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਪੋਲਿੰਗ ਦਾ ਸਮਾਂ ਸਮਾਪਤ ਹੋਣ ਤੱਕ ਕੁਲ 90 ਫੀਸਦੀ ਵੋਟਾਂ ਪੋਲ ਹੋਈਆਂ। ਦੇਰ ਸ਼ਾਂਮ ਐਲਾਨੇ ਗਏ ਨਤੀਜ਼ਿਆਂ ਅਨੁਸਾਰ ਸੱਤਾਧਾਰੀ ਕਾਂਗਰਸ ਨੇ ਸਪੱਸ਼ਟ ਬਹੁਮਤ ਹਾਸਲ ਕਰਨ ਵਿਚ ਕਾਮਯਾਬੀ ਹਾਸਲ ਕਰ ਲਈ ਹੈ ਜਦੋਂਕਿ ਅਕਾਲੀ ਭਾਜਪਾ ਗਠਜੋੜ ਨੂੰ ਤਿੰਨ ਤੇ ਦੋ ਆਜ਼ਾਦ ਉਮੀਦਵਾਰਾਂ ਨੇ ਆਪਣੇ ਜਿੱਤ ਦੇ ਝੰਡੇ ਗੱਡੇ ਹਨ ਪਰ ਖਬਰ ਲਿਖੇ ਜਾਣ ਤੱਕ ਵਾਰਡ ਨੰਬਰ 12  ਦਾ ਰਿਜ਼ਲਟ ਐਲਾਨ ਕਰਨਾ ਬਾਕੀ ਸੀ।
ਚੋਣ ਅਧਿਕਾਰੀ ਕਮ ਐੱਸਡੀਐੱਮ ਪਾਤੜਾਂ ਵੱਲੋਂ ਐਲਾਨੇ ਗਏ ਚੋਣ ਨਤੀਜਿਆਂ ਅਨੁਸਾਰ ਵਾਰਡ ਨੰਬਰ ਇਕ ਤੋਂ ਆਜ਼ਾਦ ਉਮੀਦਵਾਰ ਹਰਵਿੰਦਰ ਕੌਰ ਨੇ ਜਿੱਤ ਹਾਸਲ ਕੀਤੀ। ਵਾਰਡ ਨੰਬਰ ਦੋ ਤੋਂ ਕਾਂਗਰਸ ਦੇ ਨਰੇਸ਼ ਕੁਮਾਰ ਨੇ 358 ਵੋਟਾਂ ਹਾਸਲ ਕਰਕੇ ਜੇਤੂ ਰਹੇ। ਵਾਰਡ ਨੰਬਰ ਤਿੰਨ ਤੋਂ ਕਾਂਗਰਸ ਦੀ ਜਸਵੀਰ ਕੌਰ। ਇਸੇ ਤਰਾਂ ਵਾਰਡ ਚਾਰ ਤੋਂ ਕਾਂਗਰਸ ਦੇ ਰਮੇਸ਼ ਬੱਤਰਾ ਜੇਤੂ ਰਹੇ। ਵਾਰਡ ਨੰਬਰ ਪੰਜ ਤੋਂ ਕਾਂਗਰਸ ਦੇ ਬਲਵਿੰਦਰ ਸਿੰਘ, ਵਾਰਡ ਨੰਬਰ ਛੇ ਤੋਂ ਕਾਂਗਰਸ ਦੀ ਹੰਸੋ ਦੇਵੀ, ਵਾਰਡ ਨੰਬਰ ਸੱਤ ਤੋਂ ਭਾਜਪਾ ਦੀ ਸੁਨਿਹਰੀ ਦੇਵੀ, ਵਾਰਡ ਅੱਠ ਤੋਂ ਕਾਂਗਰਸ ਦੇ ਮਹਿੰਗਾ ਰਾਮ, ਵਾਰਡ 9 ਤੋਂ ਕਾਂਗਰਸ ਦੇ ਉਮੀਦਵਾਰ ਮਨਦੀਪ ਸਿੰਘ, ਵਾਰਡ 10 ਤੋਂ ਕਾਂਗਰਸ ਦੀ ਬਾਗੀ ਉਮੀਦਵਾਰ ਪਰਮਿੰਦਰ ਕੌਰ ਰਿੰਪਲ, ਵਾਰਡ 11 ਤੋਂ ਭਾਜਪਾ ਦੀ ਸੁਖਵਿੰਦਰ ਕੌਰ ਜੇਤੂ ਰਹੀ।
ਵਾਰਡ ਨੰਬਰ 13 ਤੋਂ ਅਕਾਲੀ ਦਲ ਦੇ ਬਲਵਿੰਦਰ ਸਿੰਘ ਬਬਲੀ ਨੇ ਕਾਂਗਰਸ ਦੇ ਦੇਵ ਰਾਜ ਗਰਗ ਨੂੰ 40 ਵੋਟਾਂ ਦੇ ਫਰਕ ਨਾਲ ਹਰਾ ਕੇ ਇੱਕਲੋਤੀ ਸੀਟ ਅਕਾਲੀ ਦਲ ਦੀ ਝੋਲੀ ਪਾਈ। ਦੱਸਣਯੋਗ ਹੈ ਕਿ ਵਾਰਡ ਨੰਬਰ 12 ਦਾ ਨਤੀਜਾ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਇਸ ਵਾਰਡ ਵਿੱਚ ਹੋਏ ਧੱਕੇ ਦੀ ਕੀਤੀ ਗਈ ਸ਼ਿਕਾਇਤ ਕਰਕੇ ਰੋਕਿਆ ਗਿਆ ਹੈ।