ਚੋਣ ਅਬਜ਼ਰਵਰ ਸੀ. ਸਿਬਨ ਦੀ ਮੌਜੂਦਗੀ ''ਚ ਸਿਆਸੀ ਪਾਰਟੀਆਂ ਨਾਲ ਹੋਈ ਮੀਟਿੰਗ

12/08/2017 11:22:03 AM

ਪਟਿਆਲਾ (ਜੋਸਨ)-ਮਿੰਨੀ ਸਕੱਤਰੇਤ ਵਿਖੇ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਜ਼ਿਲਾ ਪ੍ਰਸ਼ਾਸਨ ਦੀ ਮੀਟਿੰਗ ਹੋਈ। ਇਸ ਵਿਚ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਧਿਕਾਰੀ ਕੁਮਾਰ ਅਮਿਤ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਸਮੇਤ ਘਨੌਰ ਅਤੇ ਘੱਗਾ ਨਗਰ ਪੰਚਾਇਤਾਂ ਦੀਆਂ ਚੋਣਾਂ ਪੂਰੀ ਤਰ੍ਹਾਂ ਨਾਲ ਆਜ਼ਾਦ ਅਤੇ ਨਿਰਪੱਖਤਾ ਨਾਲ ਸਿਰੇ ਚੜ੍ਹਾਈਆਂ ਜਾਣਗੀਆਂ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਵਿਸ਼ਵਾਸ ਦੁਆਇਆ ਕਿ ਚੋਣਾਂ ਪੂਰੀ ਪਾਰਦਰਸ਼ਤਾ ਨਾਲ ਹੋਣਗੀਆਂ।
ਜ਼ਿਲਾ ਚੋਣ ਅਧਿਕਾਰੀ ਨੇ ਸਿਆਸੀ ਪਾਰਟੀਆਂ ਵੱਲੋਂ ਲਾਊਡ ਸਪੀਕਰ ਦੀ ਪ੍ਰਵਾਨਗੀ ਦੇਣ ਸਬੰਧੀ ਕੀਤੇ ਗਏ ਸਵਾਲਾਂ 'ਤੇ ਸਪੱਸ਼ਟ ਕੀਤਾ ਕਿ ਫਿਲਹਾਲ ਇਲਾਕੇ ਦੇ ਐੈੱਸ. ਡੀ. ਐੈੱਮ. ਵੱਲੋਂ ਹੀ ਇਹ ਪ੍ਰਵਾਨਗੀ ਹੋਵੇਗੀ। ਰੈਲੀ ਕਰਨ ਦੀ ਪ੍ਰਵਾਨਗੀ ਰਿਟਰਨਿੰਗ ਅਧਿਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਚੋਣ ਕਮਿਸ਼ਨ ਵੱਲੋਂ ਲਾਊਡ ਸਪੀਕਰ ਦੀ ਪ੍ਰਵਾਨਗੀ ਦੇਣ ਦੇ ਅਧਿਕਾਰ ਸਬੰਧ ਰਿਟਰਨਿੰਗ ਅਧਿਕਾਰੀਆਂ ਨੂੰ ਦੇਣ ਦੇ ਆਦੇਸ਼ ਜਾਰੀ ਹੋ ਜਾਣਗੇ। ਇਸ ਤੋਂ ਬਾਅਦ ਆਰ. ਓ. ਹੀ ਇਸ ਤਰ੍ਹਾਂ ਦੀ ਪ੍ਰਵਾਨਗੀ ਦਿਆ ਕਰਨਗੇ।
ਪਟਿਆਲਾ ਜ਼ਿਲੇ ਦੇ ਚੋਣ ਅਬਜ਼ਰਵਰ ਆਈ. ਏ. ਐੈੱਸ. ਅਧਿਕਾਰੀ ਸੀ. ਸਿਬਨ ਦੀ ਮੌਜੂਦਗੀ ਵਿਚ ਸਿਆਸੀ ਪਾਰਟੀਆਂ ਨਾਲ ਹੋਈ ਮੀਟਿੰਗ 'ਚ ਕੁਮਾਰ ਅਮਿਤ ਨੇ ਵੀਡੀਓਗ੍ਰਾਫੀ ਕਰਨ ਸਬੰਧੀ ਦੱਸਿਆ ਕਿ ਕੋਈ ਵੀ ਵਿਅਕਤੀ ਪੋਲਿੰਗ ਸਟੇਸ਼ਨ ਦੇ ਬਾਹਰ ਵੀਡੀਓ ਬਣਾ ਸਕਦਾ ਹੈ ਪਰ ਬੂਥ ਦੇ ਅੰਦਰ ਨਹੀਂ। ਹਰ ਆਰ. ਓ. ਨਾਲ ਇੱਕ ਪੁਲਸ ਅਧਿਕਾਰ ਦੀ ਤਾਇਨਾਤੀ ਕੀਤੀ ਗਈ ਹੈ। ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਆਰ. ਓ. ਕੋਲ ਦਰਜ ਕਰਵਾ ਸਕਦਾ ਹੈ। ਲੋੜ ਪੈਣ 'ਤੇ ਨਾਲ ਤਾਇਨਾਤ ਕੀਤਾ ਗਿਆ ਪੁਲਿਸ ਅਧਿਕਾਰੀ ਸ਼ਿਕਾਇਤ ਨੂੰ ਦਰਜ ਵੀ ਕਰੇਗਾ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਉਨ੍ਹਾਂ ਨੂੰ ਵੀ ਸ਼ਿਕਾਇਤ ਦਿੱਤੀ ਜਾ ਸਕਦੀ ਹੈ। ਇਸ ਮੌਕੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ 'ਚੋਂ ਅਕਾਲੀ ਦਲ ਤੋਂ ਰਣਧੀਰ ਸਿੰਘ ਰੱਖੜਾ ਅਤੇ ਨਰਦੇਵ ਸਿੰਘ ਆਕੜੀ, ਆਮ ਆਦਮੀ ਪਾਰਟੀ ਵੱਲੋਂ ਡਾ. ਬਲਵੀਰ ਸਿੰਘ, ਕਰਨਵੀਰ ਸਿੰਘ ਟਿਵਾਣਾ ਅਤੇ ਮੇਘ ਸ਼ਰਮਾ ਮੌਜੂਦ ਸਨ ਜਦਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਵਧੀਕ ਜ਼ਿਲਾ ਚੋਣ ਅਧਿਕਾਰੀ ਅਤੇ ਨੋਡਲ ਅਫ਼ਸਰ ਸ਼ੌਕਤ ਅਹਿਮਦ ਪਰੇ, ਵਧੀਕ ਜ਼ਿਲਾ ਚੋਣ ਅਧਿਕਾਰੀ ਜਨਰਲ ਪੂਨਮਦੀਪ ਕੌਰ ਤੇ ਐੈੱਸ. ਪੀ. ਕੰਵਰਦੀਪ ਕੌਰ ਵੀ ਮੌਜੂਦ ਸਨ।