ਚੋਣ ਮੈਦਾਨ ''ਚ ਨਿੱਤਰੇ 10 ਉਮੀਦਵਾਰਾਂ ਖਿਲਾਫ ਦਰਜ ਨੇ 23 ਮਾਮਲੇ

05/02/2019 1:43:43 AM

ਗੁਰਦਾਸਪੁਰ,(ਹਰਮਨਪ੍ਰੀਤ): ਪੰਜਾਬ ਦੇ 13 ਲੋਕ ਸਭਾ ਹਲਕਿਆਂ 'ਚ ਚੋਣ ਲੜ ਰਹੇ ਪ੍ਰਮੁੱਖ ਪਾਰਟੀਆਂ ਦੇ ਕਰੀਬ 50 ਉਮੀਦਵਾਰਾਂ 'ਚੋਂ 10 ਉਮੀਦਵਾਰਾਂ ਖਿਲਾਫ ਵੱਖ-ਵੱਖ ਥਾਣਿਆਂ 'ਚ 23 ਮਾਮਲੇ ਦਰਜ ਹਨ। ਇਨ੍ਹਾਂ 'ਚੋਂ ਕਾਂਗਰਸ ਦੇ ਇਕੋ-ਇਕ ਉਮੀਦਵਾਰ ਰਵਨੀਤ ਸਿੰਘ ਬਿੱਟੂ 'ਤੇ 3 ਪਰਚੇ ਹੋਏ ਹਨ, ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ 10 'ਚੋਂ 6 ਉਮੀਦਵਾਰਾਂ 'ਤੇ 8 ਪਰਚੇ ਦਰਜ ਹਨ। ਇਸ ਤੋਂ ਇਲਾਵਾ ਚੋਣ ਮੈਦਾਨ 'ਚ ਆਮ ਆਦਮੀ ਪਾਰਟੀ ਦੇ 1 ਉਮੀਦਵਾਰ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ 2 ਮਾਮਲੇ ਦਰਜ ਹਨ। ਪੰਜਾਬ ਅੰਦਰ ਸਭ ਤੋਂ ਵੱਧ ਪਰਚੇ ਲੁਧਿਆਣਾਂ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਖਿਲਾਫ ਹਨ। ਜਿਨ੍ਹਾਂ ਵਿਰੁੱਧ ਲੁਧਿਆਣੇ ਦੇ ਵੱਖ-ਵੱਖ ਥਾਣਿਆਂ 'ਚ 8 ਮਾਮਲੇ ਦਰਜ ਹਨ। ਇਨ੍ਹਾਂ ਉਮੀਦਵਾਰਾਂ ਖਿਲਾਫ ਦਰਜ ਮਾਮਲੇ ਦੀ ਘੋਖ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਆਦਾਤਰ ਉਮੀਦਵਾਰਾਂ ਖਿਲਾਫ ਪਾਰਟੀ ਦੇ ਹਿੱਤਾਂ 'ਚ ਦਿੱਤੇ ਗਏ ਧਰਨਿਆਂ ਦੌਰਾਨ ਹਾਈਵੇ ਰੋਕਣ ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਹੋਏ ਹਨ, ਜਦ ਕਿ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਖਿਲਾਫ ਕਿਸਾਨਾਂ ਦੇ ਹੱਕ 'ਚ ਬਠਿੰਡਾ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਦਰਜ ਹੋਏ ਮਾਮਲਿਆਂ ਸਮੇਤ 3 ਮਾਮਲੇ ਦਰਜ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ 3 ਥਾਣਿਆਂ 'ਚ ਪਰਚਿਆਂ ਤੋਂ ਇਲਾਵਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਾਲੀ ਜਾਂਚ ਬਕਾਇਆ ਹੈ।