ਸਭ ਤੋਂ ਬਜ਼ੁਰਗ ਪ੍ਰਧਾਨ ਮੰਤਰੀ ਦਾ ਰਿਕਾਰਡ ਅੱਜ ਵੀ ਮੋਰਾਰਜੀ ਦੇਸਾਈ ਦੇ ਨਾਂ

03/24/2019 10:52:58 AM

ਜਲੰਧਰ (ਨਰੇਸ਼ ਕੁਮਾਰ)— 1975 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਐਮਰਜੈਂਸੀ ਲਗਾਏ ਜਾਣ ਤੋਂ ਬਾਅਦ ਦੇਸ਼ ਭਰ 'ਚ ਕਾਂਗਰਸ ਦੇ ਪ੍ਰਤੀ ਗੁੱਸੇ ਦੀ ਲਹਿਰ ਸੀ ਅਤੇ ਇਸੇ ਲਹਿਰ 'ਤੇ ਸਵਾਰ ਹੋ ਕੇ ਮੋਰਾਰਜੀ ਦੇਸਾਈ 24 ਮਾਰਚ 1977 ਨੂੰ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਬਣੇ। ਜਿਸ ਸਮੇਂ ਉਹ ਪ੍ਰਧਾਨ ਮੰਤਰੀ ਬਣੇ, ਉਸ ਸਮੇਂ ਉਨ੍ਹਾਂ ਦੀ ਉਮਰ 81 ਸਾਲ ਸੀ ਅਤੇ ਸਭ ਤੋਂ ਵਧ ਉਮਰ ਦੇ ਪ੍ਰਧਾਨ ਮੰਤਰੀ ਬਣਨ ਦਾ ਇਹ ਰਿਕਾਰਡ ਅੱਜ ਤੱਕ ਕਾਇਮ ਹੈ। ਹਾਲਾਂਕਿ ਉਨ੍ਹਾਂ ਦੀ ਸਰਕਾਰ 2 ਸਾਲ ਹੀ ਚੱਲੀ ਅਤੇ ਕਾਂਗਰਸ ਨੇ ਜਨਤਾ ਪਾਰਟੀ 'ਚ ਫੁੱਟ ਪੁਆ ਦਿੱਤੀ ਅਤੇ ਜੁਲਾਈ 1979 'ਚ ਮੋਰਾਰਜੀ ਦੇਸਾਈ ਨੂੰ ਅਸਤੀਫਾ ਦੇਣਾ ਪਿਆ ਸੀ। ਉਨ੍ਹਾਂ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਪਾਲੀ ਬੈਠੇ ਚਰਨ ਸਿੰਘ ਨੂੰ ਦੇਸ਼ ਦੀ ਕਮਾਂਡ ਮਿਲੀ।ਮੋਰਾਰਜੀ ਦੇਸਾਈ ਨੂੰ ਨੋਟਬੰਦੀ ਕਾਰਨ ਵੀ ਕੀਤਾ ਜਾਂਦਾ ਹੈ ਯਾਦ 
ਮੋਰਾਰਜੀ ਦੇਸਾਈ ਨੂੰ ਇਕ ਹੋਰ ਕਾਰਨ ਲਈ ਵੀ ਯਾਦ ਕੀਤਾ ਜਾਂਦਾ ਹੈ ਅਤੇ ਇਹ ਕਾਰਨ ਹੈ ਆਜ਼ਾਦ ਭਾਰਤ ਦੇ ਇਤਿਹਾਸ ਦੀ ਪਹਿਲੀ ਨੋਟਬੰਦੀ ਦਾ। ਮੋਰਾਰਜੀ ਦੇਸਾਈ ਦੇ ਪ੍ਰਧਾਨ ਮੰਤਰੀ ਰਹਿੰਦੇ ਹੀ 1978 'ਚ 1000, 5000 ਅਤੇ 10 ਹਜ਼ਾਰ ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ। ਉਸ ਸਮੇਂ ਵੀ ਜਨਤਾ 'ਚ ਹਾਹਾਕਾਰ ਮਚਿਆ ਸੀ ਅਤੇ ਸਰਕਾਰ ਨੇ ਇਸ ਫੈਸਲੇ ਨੂੰ ਉਸ ਸਮੇਂ ਵੀ ਕਾਲੇ ਧਨ 'ਤੇ ਕਾਬੂ ਪਾਉਣ ਲਈ ਲਿਆ ਗਿਆ ਫੈਸਲਾ ਦੱਸਿਆ ਸੀ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਮੋਰਾਰਜੀ ਦੇਸਾਈ ਜਵਾਹਰ ਲਾਲ ਨਹਿਰੂ ਦੀ ਸਰਕਾਰ 'ਚ ਉੱਪ ਪ੍ਰਧਾਨ ਮੰਤਰੀ ਅਤੇ ਇੰਦਰਾ ਗਾਂਧੀ ਦੀ ਸਰਕਾਰ 'ਚ ਵਿੱਤ ਮੰਤਰੀ ਰਹਿ ਚੁਕੇ ਸਨ। ਜਦੋਂ ਇੰਦਰਾ ਗਾਂਧੀ ਨੇ 14 ਬੈਂਕਾਂ ਦੇ ਰਾਸ਼ਟਰੀਕਰਨ ਦੀ ਯੋਜਨਾ ਬਣਾਈ ਅਤੇ ਦੇਸਾਈ ਤੋਂ ਵਿੱਤ ਮੰਤਰਾਲੇ ਵਾਪਸ ਲਿਆ ਤਾਂ ਉਨ੍ਹਾਂ ਨੇ ਬਾਗੀ ਹੋ ਕੇ ਇੰਟਰਨੈਸ਼ਨਲ ਕਾਂਗਰਸ (ਓ) ਨਾਂ ਦੀ ਪਾਰਟੀ ਬਣਾ ਲਈ।ਕਾਂਗਰਸ ਦਾ ਵਿਰੋਧ ਕੀਤਾ ਸ਼ੁਰੂ
ਇਸ ਤੋਂ ਬਾਅਦ ਹੀ ਉਨ੍ਹਾਂ ਦਾ ਕਾਂਗਰਸ ਵਿਰੋਧ ਸ਼ੁਰੂ ਹੋਇਆ ਅਤੇ ਐਮਰਜੈਂਸੀ ਦੌਰਾਨ ਇੰਦਰਾ ਦੀਆਂ ਗਲਤੀਆਂ ਨੂੰ ਮੋਰਾਰਜੀ ਦੇਸਾਈ ਨੇ ਖੂਬ ਭੁਨਾਇਆ ਅਤੇ ਸਿਆਸੀ ਰੂਪ ਨਾਲ ਮਜ਼ਬੂਤ ਹੋਏ। 1977 'ਚ ਜਦੋਂ ਦੇਸ਼ ਦੀਆਂ ਆਮ ਚੋਣਾਂ ਹੋਈਆਂ ਤਾਂ ਭਾਰਤੀ ਲੋਕ ਦਲ 295 ਸੀਟਾਂ ਨਾਲ ਸਪੱਸ਼ਟ ਬਹੁਮਤ ਲੈ ਕੇ ਸੱਤਾ 'ਚ ਆਇਆ, ਜਦੋਂ ਕਿ ਕਾਂਗਰਸ ਉਸ ਸਮੇਂ ਪਹਿਲੀ ਵਾਰ 154 ਸੀਟਾਂ 'ਤੇ ਸਿਮਟ ਗਈ ਸੀ। ਹਾਲਾਂਕਿ ਕਾਂਗਰਸ ਨੂੰ ਉਸ ਸਮੇਂ ਵੀ 34.52 ਫੀਸਦੀ ਵੋਟ ਮਿਲੇ ਸਨ ਅਤੇ ਭਾਰਤੀ ਲੋਕ ਦਲ ਨੂੰ ਉਸ ਸਮੇਂ ਮਿਲੇ 41.32 ਫੀਸਦੀ ਵੋਟਾਂ ਦੇ ਮੁਕਾਬਲੇ ਕਾਂਗਰਸ ਦਾ ਵੋਟ ਸਿਰਫ 7 ਫੀਸਦੀ ਹੀ ਘੱਟ ਸੀ ਪਰ ਇਹ ਵੋਟ ਸੀਟਾਂ 'ਚ ਤਬਦੀਲ ਨਹੀਂ ਹੋ ਸਕੇ ਸਨ।

DIsha

This news is Content Editor DIsha