ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਜ਼ਿਲਾ ਚੋਣ ਅਫਸਰ

09/22/2019 10:15:28 AM

ਜਲਾਲਾਬਾਦ/ਫਾਜ਼ਿਲਕਾ (ਬੰਟੀ, ਜਤਿੰਦਰ, ਨਿਖੰਜ, ਨਾਗਪਾਲ) - ਭਾਰਤੀ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਹਲਕਾ ਜਲਾਲਾਬਾਦ ਦੀਆਂ ਉਪ ਚੋਣਾਂ ਸਬੰਧੀ ਸਮਾਂ ਸੂਚੀ ਦੇ ਐਲਾਨ ਨਾਲ ਹੀ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ। ਇਹ ਜਾਣਕਾਰੀ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦਿੱਤੀ।ਡੀ.ਸੀ. ਨੇ ਦੱਸਿਆ ਕਿ ਵਿਧਾਨ ਸਭਾ-79 ਜਲਾਲਾਬਾਦ ਲਈ ਉਪ-ਚੋਣਾਂ ਵਾਸਤੇ ਮਤਦਾਨ 21 ਅਕਤੂਬਰ ਨੂੰ ਹੋਣਗੇ ਅਤੇ 24 ਅਕਤੂਬਰ 2019 ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਨਾਮਕਰਨ ਦਾਖਲ ਕਰਨ ਦੀ ਆਖਰੀ ਮਿਤੀ 30 ਸਤੰਬਰ ਅਤੇ ਨਾਮਕਰਨ ਵਾਪਸ ਲੈਣ ਦੀ ਆਖਰੀ ਮਿਤੀ 3 ਅਕਤੂਬਰ ਹੈ। ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਕਿ ਸਰਕਾਰੀ ਪ੍ਰਾਪਰਟੀ 'ਤੇ ਲੱਗੇ ਸਿਆਸੀ ਦਲਾਂ ਦੇ ਹੋਰਡਿੰਗਜ਼ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਨਿੱਜੀ ਪ੍ਰਾਪਰਟੀ 'ਤੇ ਬਿਨਾਂ ਆਗਿਆ ਕੋਈ ਚੁਣਾਵੀਂ ਵਿਗਿਆਪਨ ਜਾਂ ਹੋਰਡਿੰਗਜ਼ ਨਹੀਂ ਲਾਏਗਾ। ਆਦਰਸ਼ ਚੋਣ ਜ਼ਾਬਤਾ ਨੂੰ ਲਾਗੂ ਕਰਵਾਉਣ ਲਈ ਸਾਰੀਆਂ ਟੀਮਾਂ ਪੂਰੀ ਮੁਸ਼ਤੈਦੀ ਨਾਲ ਕੰਮ ਕਰਨਗੀਆਂ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਦਰਸ਼ ਚੋਣ ਜ਼ਾਬਤਾ ਨੂੰ ਲਾਗੂ ਕਰਵਾਉਣ 'ਚ ਪੂਰੀ ਤਨਦੇਹੀ ਨਾਲ ਕੰਮ ਕਰਨ ਤੇ ਉਲੰਘਣਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਜਲਾਲਾਬਾਦ ਵਿਧਾਨ ਸਭਾ ਹਲਕੇ 'ਚ 239 ਪੋਲਿੰਗ ਬੂਥ, 204154 ਵੋਟਰ ਅਤੇ 815 ਸਰਵਿਸ ਵੋਟਰ ਹੈ। ਵਿਧਾਨ ਸਭਾ ਹਲਕੇ 'ਚ ਫਲਾਇੰਗ ਸਕਾਰਡ, ਸਟੈਟਿਕ ਸਰਵੀਲੈਂਸ ਟੀਮ, ਵੀਡੀਓ ਸਰਵੀਲੈਂਸ ਟੀਮ, ਵੀਡੀਓ ਵਯੂਇੰਗ ਟੀਮ, ਅਕਾਊਂਟਿੰਗ ਟੀਮ, ਐਕਸਾਈਜ਼ ਟੀਮ ਆਦਰਸ਼ ਚੋਣ ਜ਼ਾਬਤੇ ਸਬੰਧੀ ਨਿਗਰਾਨੀ ਰੱਖਣਗੀਆਂ। ਉਨ੍ਹਾਂ ਕਿਹਾ ਕਿ ਪ੍ਰਿੰਟਿੰਗ ਪ੍ਰੈੱਸ ਕਿਸੇ ਵੀ ਤਰ੍ਹਾਂ ਦੀ ਚੁਣਾਵੀਂ ਸਮੱਗਰੀ ਪ੍ਰਕਾਸ਼ਿਤ ਕਰਨ ਦੌਰਾਨ ਉਸ ਉੱਪਰ ਪਿੰ੍ਰਟਰ ਜਾਂ ਹੋਰ ਪਬਲਿਸ਼ਰ ਦਾ ਨਾਂ ਪ੍ਰਕਾਸ਼ਿਤ ਕਰੇ, ਜੋ ਅਜਿਹਾ ਨਹੀਂ ਕਰੇਗਾ ਜਾਂ ਉਲੰਘਣਾ ਕਰੇਗਾ, ਉਸ ਖਿਲਾਫ ਸੈਕਸ਼ਨ 127 ਏ ਦੇ ਅੰਤਰਗਤ ਕਾਰਵਾਈ ਕੀਤੀ ਜਾਵੇਗੀ।

ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੌਰਾਨ ਚੋਣ ਆਯੋਗ ਵੱਲੋਂ ਗਠਿਤ ਐੱਮ. ਸੀ. ਐੱਮ. ਸੀ. ਟੀਮ ਮੁੱਲ ਦੀਆਂ ਖਬਰਾਂ, ਐੱਸ. ਐੱਮ. ਐੱਸ. ਅਤੇ ਸੋਸ਼ਲ ਮੀਡੀਆ 'ਤੇ ਨਿਗਰਾਨੀ ਰੱਖੇਗੀ। ਉਨ੍ਹਾਂ ਦੱਸਿਆ ਕਿ ਇਲੈਕਟ੍ਰਾਨਿਕ ਮੀਡਿਆ/ਰੇਡੀਓ 'ਤੇ ਇਸ਼ਤਿਹਾਰ ਦੇਣ ਲਈ ਐੱਮ. ਸੀ. ਐੱਮ. ਸੀ. ਤੋਂ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਚੋਣਾਂ 'ਕ ਮੌਕਾ ਹੁੰਦੀਆਂ ਹਨ ਕਿ ਜਦੋਂ ਇਕ ਦੇਸ਼ ਦਾ ਨਾਗਰਿਕ ਆਪਣੀ ਪਸੰਦ ਦੀ ਸਰਕਾਰ ਦੀ ਚੋਣ ਕਰਦਾ ਹੈ। ਇਸ ਲਈ ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਜਾਂ ਇਸ ਤੋਂ ਵੱਧ ਉਮਰ ਦੇ ਹਰ ਨਾਗਰਿਕ ਨੂੰ ਬਿਨਾਂ ਕਿਸੇ ਡਰ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਐੱਸ. ਐੱਸ. ਪੀ. ਭੁਪਿੰਦਰ ਸਿੰਘ ਨੇ ਕਿਹਾ ਕਿ ਸ਼ਾਤੀਪੂਰਨ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੁਲਸ ਵਿਭਾਗ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਜਨਤਾ ਨਾਲ ਤਾਲਮੇਲ ਕਰ ਕੇ ਪੁਲਸ ਵੱਲੋਂ ਸ਼ਰਾਰਤੀ ਅਨਸਰਾਂ 'ਤੇ ਸਖ਼ਤ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਜਿਨ੍ਹਾਂ ਕੋਲ ਹਥਿਆਰ ਹਨ, ਉਹ ਜਲਦ ਤੋਂ ਜਲਦ ਸਬੰਧਤ ਪੁਲਸ ਸਟੇਸ਼ਨ 'ਚ ਜਮ੍ਹਾ ਕਰਵਾ ਦੇਣ।

rajwinder kaur

This news is Content Editor rajwinder kaur