ਵੱਡੀ ਵਾਰਦਾਤ, ਗੁਆਂਢੀ ਵਲੋਂ ਘਰ ''ਚ ਸੁੱਤੀ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

04/28/2020 7:12:18 PM

ਤਰਨਤਾਰਨ (ਰਮਨ ਚਾਵਲਾ) : ਥਾਣਾ ਸਦਰ ਤਰਨਤਾਰਨ ਅਧੀਨ ਆਉਂਦੇ ਪਿੰਡ ਭੈਣੀ ਸਿਧਵਾਂ ਵਿਖੇ ਬੀਤੀ ਰਾਤ ਇਕ ਬਜ਼ੁਰਗ (80) ਮਾਤਾ ਦੀ ਗਲ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਤਰਨਤਾਰਨ ਦੇ ਮੁੱਖੀ ਇੰਸਪੈਕਟਰ ਮਨੋਜ ਕੁਮਾਰ, ਏ. ਐੱਸ. ਆਈ ਬਿਸ਼ਨ ਦਾਸ, ਏ. ਐੱਸ. ਆਈ. ਸਰਬਜੀਤ ਸਿੰਘ ਸਣੇ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪੁਲਸ ਨੇ ਮ੍ਰਿਤਕ ਔਰਤ ਦੇ ਬੇਟੇ ਵੱਲੋਂ ਦਿੱਤੇ ਬਿਆਨਾਂ ਹੇਠ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਕਤਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ, ਜਿਸ ਦੀ ਅਸਲੀਅਤ ਮ੍ਰਿਤਕ ਔਰਤ ਦੀ ਪੋਸਟਮਾਰਟਮ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ।

ਪੁਲਸ ਨੂੰ ਦਿੱਤੇ ਬਿਆਨਾਂ 'ਚ ਬਲਜਿੰਦਰ ਸਿੰਘ ਪੁੱਤਰ ਸਵ. ਅਜੀਤ ਸਿੰਘ ਵਾਸੀ ਭੈਣੀ ਸਿੱਧਵਾਂ ਨੇ ਦੱਸਿਆ ਕਿ ਉਸ ਦਾ ਇਕ ਛੋਟਾ ਭਰਾ ਹੀਰਾ ਸਿੰਘ ਪੰਜਾਬ ਪੁਲਸ 'ਚ ਅਤੇ ਦੂਸਰਾ ਛੋਟਾ ਭਰਾ ਦਲਬੀਰ ਸਿੰਘ ਸੇਲ ਟੈਕਸ ਵਿਭਾਗ 'ਚ ਤਾਇਨਾਤ ਹਨ ਜੋ ਸਾਰੇ ਵਿਆਹੇ ਹਨ। ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ 80 ਸਾਲਾ ਬਜ਼ੁਰਗ ਮਾਤਾ ਜੀਤ ਕੌਰ ਉਸ ਦੇ ਨਾਲ ਰਹਿੰਦੀ ਸੀ। ਬੀਤੀ ਰਾਤ ਬਲਜਿੰਦਰ ਸਿੰਘ ਆਪਣੀ ਪਤਨੀ ਜਸਬੀਰ ਕੌਰ ਨਾਲ ਆਪਣੇ ਕਮਰੇ 'ਚ ਕਰੀਬ 10 ਵਜੇ ਰੋਟੀ ਪਾਣੀ ਖਾ ਕੇ ਲੇਟ ਗਏ।

ਬਲਜਿੰਦਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12.30 ਵਜੇ ਉਨ੍ਹਾਂ ਨੂੰ ਨਾਲ ਵਾਲੇ ਕਮਰੇ 'ਚੋਂ ਕੁੱਝ ਆਵਾਜ਼ਾਂ ਆਉਣ ਲੱਗੀਆਂ ਜਿਸ ਨੂੰ ਸੁਣ ਕੇ ਉਹ ਆਪਣੀ ਪਤਨੀ ਸਣੇ ਜਦੋਂ ਕਮਰੇ 'ਚ ਦਾਖਲ ਹੋਣ ਲੱਗੇ ਤਾਂ ਉਨ੍ਹਾਂ ਦਾ ਗੁਆਂਢੀ ਰਵਿੰਦਰ ਸਿੰਘ ਉਰਫ ਮਿੱਠੂ ਪੁੱਤਰ ਸਵਰਨ ਸਿੰਘ ਮੰਜੇ ਉਪਰ ਲੇਟੀ ਹੋਈ ਮਾਤਾ ਜੀਤ ਕੌਰ ਦਾ ਗਲਾ ਘੁੱਟ ਰਿਹਾ ਸੀ ਅਤੇ ਮੁੱਕੀਆਂ ਮਾਰ ਰਿਹਾ ਸੀ ਜੋ ਉਨ੍ਹਾਂ ਨੂੰ ਵੇਖ ਕੇ ਮੌਕੇ ਤੋਂ ਫਰਾਰ ਹੋ ਗਿਆ। ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾਂ ਦੌਰਾਨ ਉਸ ਦੀ ਮਾਤਾ ਦੇ ਸਰੀਰ ਤੋਂ ਖੂਨ ਨਿਕਲ ਰਿਹਾ ਸੀ ਅਤੇ ਉਸਦੀ ਮਾਤਾ ਦਾ ਪੇਸ਼ਾਬ ਵੀ ਮੰਜੇ ਉਪਰ ਹੀ ਨਿਕਲ ਗਿਆ।

ਇਸ ਦੌਰਾਨ ਜਦੋਂ ਮਾਤਾ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਨਬਜ਼ ਬੰਦ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਬੇਟੇ ਬਲਜਿੰਦਰ ਸਿੰਘ ਦੇ ਬਿਆਨਾਂ ਹੇਠ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਦੇ ਹੋਏ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Gurminder Singh

This news is Content Editor Gurminder Singh