ਬਜ਼ੁਰਗ ਦੀ ਹੱਤਿਆ ਕਰਨ ਵਾਲੇ 2 ਨੌਜਵਾਨ ਕਾਬੂ, ਤੀਜੇ ਦੀ ਭਾਲ ਜਾਰੀ

09/15/2019 6:41:14 PM

ਬਟਾਲਾ (ਬੇਰੀ) : ਬਜ਼ੁਰਗ ਦੀ ਹੱਤਿਆ ਤੋਂ ਬਾਅਦ ਮਾਮਲੇ ਦੀ ਗੁੱਥੀ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਬਲਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਐੱਸ. ਐੱਚ. ਓ. ਸੁਖਰਾਜ ਸਿੰਘ ਨੇ 24 ਘੰਟੇ ਦੇ ਅੰਦਰ-ਅੰਦਰ ਸੁਲਝਾ ਕੇ 3 ਨੌਜਵਾਨਾਂ 'ਚੋਂ 2 ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਤੀਜੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 65 ਸਾਲਾ ਬਜ਼ੁਰਗ ਜਗੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਤਲਵੰਡੀ ਲਾਲ ਸਿੰਘ ਜੋ ਪਿੰਡ ਬੁਰਜ ਅਰਾਈਆਂ ਵਿਖੇ ਕਿਸੇ ਵਿਅਕਤੀ ਕੋਲ ਪਿਛਲੇ 2 ਮਹੀਨਿਆਂ ਤੋਂ ਖੇਤਾਂ ਵਿਚ ਕੰਮ ਕਰਦਾ ਸੀ ਪਰ ਅਗਲੇ ਦਿਨ ਜਦੋਂ ਉਹ ਕੰਮ 'ਤੇ ਨਹੀਂ ਗਿਆ ਤਾਂ ਸਵੇਰੇ ਜਗੀਰ ਸਿੰਘ ਨੂੰ ਕੰਮ 'ਤੇ ਬੁਲਾਉਣ ਲਈ ਇਕ ਨੌਜਵਾਨ ਉਸਦੇ ਘਰ ਆਇਆ ਸੀ ਜਿਸਨੇ ਵੇਖਿਆ ਕਿ ਜਗੀਰ ਦੀ ਕਿਸੇ ਵੱਲੋਂ ਹੱਤਿਆ ਕਰ ਦਿੱਤੀ ਗਈ ਹੈ ਅਤੇ ਉਸਦੀ ਲਾਸ਼ ਬਿਸਤਰੇ ਤੋਂ ਹੇਠਾਂ ਡਿੱਗੀ ਹੈ।

ਉਕਤ ਮਾਮਲੇ ਸਬੰਧੀ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਬਲਬੀਰ ਸਿੰਘ ਸੰਧੂ ਅਤੇ ਥਾਣਾ ਸਦਰ ਦੇ ਐੱਸ. ਐੱਚ. ਓ. ਸੁਖਰਾਜ ਸਿੰਘ ਨੇ ਪੁਲਸ ਪਾਰਟੀ ਸਮੇਤ ਘਟਨਾ ਸਥਲ ਦਾ ਦੌਰਾ ਕਰਨ ਤੋਂ ਬਾਅਦ ਧਾਰਾ-460 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਹੱਤਿਆ ਕਰਨ ਵਾਲਿਆਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮਾਮਲੇ ਦੀ ਜਾਂਚ 'ਚ ਤਿੰਨ ਨੌਜਵਾਨਾਂ ਦੇ ਨਾਂ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ 2 ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਦੀ ਪਛਾਣ ਬਿਕਰਮਜੀਤ ਸਿੰਘ ਉਰਫ਼ ਵਿੱਕੀ ਪੁੱਤਰ ਤਰਸੇਮ ਸਿੰਘ ਵਾਸੀ ਤਲਵੰਡੀ ਲਾਲ ਸਿੰਘ, ਮਨਜੀਤ ਸਿੰਘ ਉਰਫ਼ ਗੋਲਡੀ ਪੁੱਤਰ ਮਲੂਕ ਸਿੰਘ ਵਾਸੀ ਸ਼ੰਕਰਪੁਰਾ ਵਜੋਂ ਹੋਈ ਹੈ ਅਤੇ ਇਨ੍ਹਾਂ ਦੇ ਤੀਜੇ ਫ਼ਰਾਰ ਹੋਏ ਸਾਥੀ ਦੀ ਪੁਲਸ ਵੱਲੋਂ ਤਲਾਸ਼ ਜਾਰੀ ਹੈ।

ਡੀ. ਐੱਸ. ਪੀ. ਅਤੇ ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਤਿੰਨੇ ਨੌਜਵਾਨ ਮ੍ਰਿਤਕ ਜਗੀਰ ਸਿੰਘ ਦੇ ਘਰ 'ਚ ਚੋਰੀ ਦੀ ਨੀਅਤ ਨਾਲ ਦਾਖ਼ਲ ਹੋਏ ਸਨ ਅਤੇ ਉਥੋਂ ਇਨ੍ਹਾਂ ਨੇ ਭਾਰੀ ਮਾਤਰਾ 'ਚ ਨਕਦੀ ਚੋਰੀ ਕੀਤੀ ਅਤੇ ਬਜ਼ੁਰਗ ਦਾ ਕਤਲ ਕਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਉਕਤ ਨੌਜਵਾਨਾਂ ਨੇ ਆਪਸ 'ਚ 40-40 ਹਜ਼ਾਰ ਰੁਪਏ ਵੰਡ ਲਏ ਸਨ ਅਤੇ ਫੜੇ ਗਏ ਨੌਜਵਾਨਾਂ 'ਚੋਂ ਵਿੱਕੀ ਕੋਲੋਂ ਚੋਰੀ ਦੇ 26 ਹਜ਼ਾਰ ਰੁਪਏ ਅਤੇ ਗੋਲਡੀ ਕੋਲੋਂ 28 ਹਜ਼ਾਰ ਰੁਪਏ ਬਰਾਮਦ ਕੀਤੇ ਹਨ।

Gurminder Singh

This news is Content Editor Gurminder Singh