23 ਸਾਲਾ ਮੁਟਿਆਰ ਵਲੋਂ ਬਜ਼ੁਰਗ ਨਾਲ ਵਿਆਹ ਕਰਾਉਣ ਦੇ ਮਾਮਲੇ ''ਚ ਆਇਆ ਨਵਾਂ ਮੋੜ

02/05/2019 6:58:09 PM

ਸੰਗਰੂਰ (ਦਵਿੰਦਰ) : ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਬਜ਼ੁਰਗ ਅਤੇ ਨੌਜਵਾਨ ਕੁੜੀ ਦੇ ਵਿਆਹ ਕਰਵਾਉਣ ਦੀਆਂ ਵਾਇਰਲ ਹੋਈਆਂ ਤਸਵੀਰਾਂ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਇਹ ਆਖਿਆ ਜਾ ਰਿਹਾ ਸੀ ਕਿ ਬਜ਼ੁਰਗ ਵਲੋਂ ਇਹ ਵਿਆਹ ਆਪਣੇ ਪੁੱਤਰ ਅਤੇ ਉਕਤ ਲੜਕੀ ਨੂੰ ਇਕੱਠਿਆ ਰੱਖਣ ਲਈ ਕਰਵਾਇਆ ਗਿਆ ਹੈ। ਦਰਅਸਲ ਇਹ ਮਾਮਲਾ ਸੰਗਰੂਰ ਦੇ ਪਿੰਡ ਬਾਲੀਆਂ ਦਾ ਸੀ। ਹੁਣ ਇਸ ਮਾਮਲੇ ਵਿਚ ਬਜ਼ੁਰਗ ਸ਼ਮਸ਼ੇਰ ਸਿੰਘ ਦੀ ਅਸਲ ਨੂੰਹ ਮਨਪ੍ਰੀਤ ਕੌਰ ਵੀ ਮੀਡੀਆ ਸਾਹਮਣੇ ਆ ਗਈ ਹੈ। ਮਨਪ੍ਰੀਤ ਨੇ ਵਿਆਹ ਕਰਵਾਉਣ ਵਾਲੇ ਬਜ਼ੁਰਗ ਸ਼ਮਸ਼ੇਰ ਸਿੰਘ ਅਤੇ ਉਸ ਦੇ ਪੁੱਤਰ ਜਤਿੰਦਰ ਸਿੰਘ (ਮਨਪ੍ਰੀਤ ਦੇ ਪਤੀ) 'ਤੇ ਗੰਭੀਰ ਦੋਸ਼ ਲਗਾਏ ਹਨ। 


ਮਨਪ੍ਰੀਤ ਕੌਰ ਨੇ ਪਹਿਲੀ ਵਾਰ ਕੈਮਰੇ ਸਾਹਮਣੇ ਆ ਕੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਸ ਦਾ ਵਿਆਹ 5 ਅਗਸਤ 2006 ਨੂੰ ਜਤਿੰਦਰ ਸਿੰਘ ਬਸੀ ਬਾਲੀਆਂ ਨਾਲ ਹੋਇਆ ਸੀ। ਜਤਿੰਦਰ ਪਹਿਲਾਂ ਤਾਂ ਕੁਝ ਸਾਲ ਠੀਕ ਰਿਹਾ ਫਿਰ ਉਸ ਦਾ ਚਾਲ ਚਲਨ ਵਿਗੜ ਗਿਆ ਅਤੇ ਹੋਰ ਕੁੜੀਆਂ ਨਾਲ ਸੰਬੰਧ ਰੱਖਣ ਲੱਗਾ। ਮਨਪ੍ਰੀਤ ਨੇ ਦੱਸਿਆ ਕਿ ਸਾਜ਼ਿਸ਼ ਦੇ ਤਹਿਤ ਪਤੀ ਤੇ ਸਹੁਰਾ ਪਰਿਵਾਰ ਮੈਨੂੰ ਘਰੋਂ ਕੱਢਣ ਦੀ ਤਿਆਰੀਆਂ ਕਰਨ ਲੱਗਾ।  ਮਨਪ੍ਰੀਤ ਨੇ ਕਿਹਾ ਕਿ ਉਸ ਦਾ ਪਤੀ ਨਾਲ ਪਿਛਲੇ ਤਿੰਨ ਸਾਲ ਤੋਂ ਕੇਸ ਚੱਲ ਰਿਹਾ ਹੈ। ਇਸੇ ਦੇ ਚੱਲਦੇ ਸਹੁਰਾ ਸ਼ਮਸ਼ੇਰ ਸਿੰਘ ਵਲੋਂ 23 ਸਾਲ ਦੀ ਨਵਪ੍ਰੀਤ ਕੌਰ ਨਾਲ ਵਿਆਹ ਰਚਾਇਆ ਗਿਆ ਹੈ ਤਾਂ ਜੋ ਉਹ ਨਵਪ੍ਰੀਤ ਨੂੰ ਆਪਣੇ ਘਰ ਵਿਚ ਰੱਖ ਸਕੇ।


ਮਨਪ੍ਰੀਤ ਦੀ ਮਾਤਾ ਮਨਜੀਤ ਕੌਰ ਅਤੇ ਪਿਤਾ ਅਜੈਬ ਸਿੰਘ ਨੇ ਵੀ ਇਸ ਮਾਮਲੇ ਵਿਚ ਜਤਿੰਦਰ ਸਿੰਘ ਅਤੇ ਉਸ ਦੇ ਪਿਤਾ ਸ਼ਮਸ਼ੇਰ ਸਿੰਘ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸ਼ਮਸ਼ੇਰ ਸਿੰਘ ਵਲੋਂ 23 ਸਾਲਾ ਕੁੜੀ ਨਾਲ ਵਿਆਹ ਰਚਾਉਣਾ ਸਿਰਫ ਇਕ ਡਰਾਮਾ ਤੇ ਸ਼ਰਮਨਾਕ ਹਰਕਤ ਹੈ। ਲੜਕੀ ਦੇ ਪਰਿਵਾਰ ਨੇ ਕਿਹਾ ਕਿ ਉਹ ਆਪਣੇ ਧੀ ਨੂੰ ਇਨਸਾਫ ਦਿਵਾਉਣ ਲਈ ਅਦਾਲਤ ਵਿਚ ਲੜਾਈ ਜਾਰੀ ਰੱਖਣਗੇ। 


ਦੂਜੇ ਪਾਸੇ ਜਦੋਂ ਜਤਿੰਦਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਦੋਸ਼ ਲਗਾਉਂਦੇ ਹੋਏ ਜਤਿੰਦਰ ਨੇ ਕਿਹਾ ਕਿ ਮਨਪ੍ਰੀਤ ਕੌਰ ਦੇ ਚਾਲ ਚਲਨ ਠੀਕ ਨਹੀਂ ਸਨ। ਉਧਰ ਜਤਿੰਦਰ ਤੋਂ ਜਦੋਂ ਉਸ ਦੇ ਪਿਤਾ ਵਲੋਂ 23 ਸਾਲਾ ਕੁੜੀ ਨਵਪ੍ਰੀਤ ਕੌਰ ਨਾਲ ਵਿਆਹ ਕਰਵਾਉਣ ਸੰਬੰਧੀ ਪੁੱਛਿਆ ਗਿਆ ਤਾਂ ਉਸ ਨੇ ਇਸ ਮਾਮਲੇ 'ਚ ਅਸਪੱਸ਼ਟਤਾ ਪ੍ਰਗਟਾਉਂਦੇ ਹੋਏ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

Gurminder Singh

This news is Content Editor Gurminder Singh