ਸੜਕ ਹਾਦਸੇ ''ਚ ਬਜ਼ੁਰਗ ਦੀ ਮੌਤ

07/01/2017 5:42:31 AM

ਸੁਲਤਾਨਪੁਰ ਲੋਧੀ, (ਧੰਜੂ)- ਧੁੱਸੀ ਬੰਨ੍ਹ 'ਤੇ ਸੜਕ ਹਾਦਸੇ 'ਚ ਇਕ ਬਜ਼ੁਰਗ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਛੰਨਾ ਸ਼ੇਰ ਸਿੰਘ ਦਾ ਇਕ ਨੌਜਵਾਨ ਹਰਜਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਆਪਣੇ ਦਾਦਾ ਟਹਿਲ ਸਿੰਘ (70) ਨਾਲ ਪਲਾਟੀਨਾ ਮੋਟਰਸਾਈਕਲ 'ਤੇ ਖੇਤਾਂ ਨੂੰ ਦੁਪਹਿਰ ਵੇਲੇ ਦੀ ਚਾਹ ਲੈ ਕੇ ਜਾ ਰਹੇ ਸਨ, ਜਦੋਂ ਉਹ ਧੁੱਸੀ ਬੰਨ੍ਹ 'ਤੇ ਚੜ੍ਹੇ ਤਾਂ ਟਰੈਕਟਰ-ਟਰਾਲੀ ਜਿਸ 'ਚ ਛੱਲੀਆਂ ਲੱਦੀਆਂ ਹੋਈਆਂ ਸਨ, ਵੀ ਬੰਨ੍ਹ 'ਤੇ ਮੌਜੂਦ ਸੀ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਟਰੈਕਟਰ ਚਾਲਕ ਟਰਾਲੀ ਨੂੰ ਬੈਕ ਕਰ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਚਾਲਕ ਹਰਜਿੰਦਰ ਸਿੰਘ ਕੋਲੋਂ ਦੀ ਲੰਘਣ ਲੱਗਾ ਤਾਂ ਮੋਟਸਾਈਕਲ ਡਿੱਗ ਪਿਆ। ਹਰਜਿੰਦਰ ਸਿੰਘ ਬੰਨ੍ਹ ਦੇ ਹੇਠਲੇ ਪਾਸੇ ਨੂੰ ਡਿੱਗਾ ਤੇ ਉਸ ਦਾ ਦਾਦਾ ਬੰਨ੍ਹ ਵਾਲੇ ਪਾਸੇ ਨੂੰ ਡਿੱਗ ਪਿਆ ਜਿਸ ਨਾਲ ਉਹ ਟਰਾਲੀ ਦੇ ਹੇਠਾਂ ਆ ਗਿਆ ਤੇ ਟਹਿਲ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੈ। ਸੂਚਨਾ ਮਿਲਣ 'ਤੇ ਥਾਣਾ ਤਲਵੰਡੀ ਚੌਧਰੀਆਂ ਦੇ ਇੰਸਪੈਕਟਰ ਨਰਿੰਦਰ ਸਿੰਘ ਔਜਲਾ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਹਾਦਸੇ ਦਾ ਜਾਇਜ਼ਾ ਲਿਆ। ਪੁਲਸ ਬਰੀਕੀ ਨਾਲ ਜਾਂਚ ਕਰ ਰਹੀ ਹੈ।