ਈਦ ਮੁਬਾਰਕ

05/25/2020 11:53:38 AM

ਪ੍ਰੋ. ਅਵਤਾਰ ਸਿੰਘ ਫਗਵਾੜਾ
ਫ਼ੋਨ:  9417518384

ਅੱਜ ਈਦ ਹੈ। ਆਉ ਆਪੋ ਆਪਣੇ ਘਰ ਕੋਈ ਮਨ ਭਾਉਂਦੀ ਮਿੱਠੀ ਚੀਜ਼ ਬਣਾਈਏ ਤੇ ਵੰਡ ਕੇ ਖਾਈਏ। ਕੋਰੋਨਾ ਕਾਰਣ ਦੂਰੀ ਦੀ ਮਜਬੂਰੀ ਨੂੰ ਖਿੜੇ ਮੱਥੇ ਪਰਵਾਣ ਕਰਦੇ ਹੋਏ ਸਾਕ ਸਬੰਧੀਆਂ ਅਤੇ ਮਿੱਤਰ ਦੋਸਤਾਂ ਨੂੰ ਯਾਦ ਕਰੀਏ।

ਇਸ ਕਹਿਰ ਦੌਰਾਨ ਵੀ ਪਿਆਰ ਮੁਹੱਬਤ ਬਣਾਏ ਰੱਖਣ ਦਾ ਇਹੀ ਤਰੀਕਾ ਅਤੇ ਸਲੀਕਾ ਹੈ।

ਅਸੀਂ ਧਰਤੀ ਨੂੰ ਟਕੁੜੀਆਂ ਵਿੱਚ ਵੰਡ ਲਿਆ ਹੈ। ਕੋਈ ਆਪਣੇ ਟਕੁੜੇ ਨੂੰ ਪਾਕਿਸਤਾਨ ਕਹੀ ਜਾਂਦਾ ਹੈ, ਕੋਈ ਹਿੰਦੁਸਤਾਨ, ਕੋਈ ਅਫਗਾਨਿਸਨਸਤਾਨ, ਕੋਈ ਅਫ਼ਰੀਕਾ ਤੇ ਕੋਈ ਅਮਰੀਕਾ ਕਹੀ ਜਾਂਦਾ ਹੈ।

ਅਸੀਂ ਭੁੱਲ ਬੈਠੇ ਹਾਂ ਕਿ ਧਰਤੀ ਤਾਂ ਗੋਲ਼ ਹੈ, ਇਹਦਾ ਨਾ ਕੋਈ ਆਦ , ਨਾ ਅੰਤ, ਨਾ ਕੋਈ ਆਰ ਹੈ ਤੇ ਨਾ ਕੋਈ ਪਾਰ ਹੈ, ਧਰਤੀ ਇਕ ਹੀ ਹੈ।

ਅਸੀਂ ਇਨਸਾਨ ਨੂੰ ਵੀ ਇੱਕ ਨਹੀਂ ਸਮਝਦੇ। ਸਾਡੇ ਲਈ ਕੋਈ ਗੋਰਾ ਹੈ, ਕੋਈ ਕਾਲ਼ਾ ਹੈ, ਕੋਈ ਲੰਮਾਂ ਹੈ, ਕੋਈ ਮਧਰਾ ਹੈ, ਕੋਈ ਮੋਟਾ ਤੇ ਕੋਈ ਪਤਲਾ ਹੈ।

ਕੋਈ ਹਿੰਦੂ, ਕੋਈ ਯਹੂਦੀ ਹੈ, ਕੋਈ ਇਸਾਈ, ਕੋਈ ਬੋਧੀ ਹੈ, ਕੋਈ ਜੈਨੀ, ਕੋਈ ਮੁਸਲਿਮ ਤੇ ਕੋਈ ਸਿੱਖ ਹੈ, ਇੱਥੇ ਹੀ ਬਸ ਕਿੱਥੇ। ਉਸ ਖ਼ਾਲਕ ਦੀ ਇਸ ਖ਼ਲਕਤ ਵਿੱਚ, ਸਾਡੇ ਲਈ, ਕੋਈ ਉਚਾਂ ਹੈ ਕੋਈ ਨੀਵਾਂ ਹੈ। ਅਸੀਂ ਭੁੱਲ ਬੈਠ ਹਾਂ ਕਿ ਬੰਦਾ ਤਾਂ ਇੱਕ ਹੀ ਹੈ।

ਅਸੀਂ ਇਸ ਸਭ ਕਾਸੇ ਦੇ ਕਰਤੇ ਨੂੰ ਵੀ ਵੰਡ ਲਿਆ ਹੈ। ਕੋਈ ਉਹਨੂੰ ਗੌਡ ਕਹਿੰਦਾ ਹੈ, ਕੋਈ ਰੱਬ, ਕੋਈ ਅੱਲਾ, ਕੋਈ ਈਸ਼ਵਰ ਤੇ ਕੋਈ ਵਾਹਿਗੁਰੂ। ਗੱਲ ਇਕ ਹੀ ਹੈ।

ਅਸੀਂ ਉਹਦੀ ਕੁਦਰਤ ਦੀਆਂ ਵੀ ਵੰਡੀਆਂ ਪਾ ਲਈਆਂ ਹਨ। ਕੋਈ ਇਹਨੂੰ ਪ੍ਰਕਿਰਤੀ ਕਹੀ ਜਾਂਦਾ ਹੈ, ਕੋਈ ਨੇਚਰ ਤੇ ਕੋਈ ਕੁਦਰਤ ਕਹਿ ਕਹਿ ਖੁਸ਼ ਹੁੰਦਾ ਹੈ, ਗੱਲ ਇਕ ਹੀ ਹੈ।

ਕਾਦਰ ਤਾਂ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਬਸ ਉਹਦੀ ਕੁਦਰਤ ਨਜ਼ਰ ਆਉਦੀ ਹੈ, ਜਿਹਦੀ ਵਿਸ਼ਾਲਤਾ ਨੂੰ ਦੇਖ ਕੇ ਕੋਈ ਦਾਨਾ ਸੱਜਣ ਖ਼ੁਸ਼ੀ ਵਿੱਚ ਖੀਵਾ ਹੋ ਹੋ ਖਿੜ ਜਾਂਦਾ ਹੈ ਤੇ ਸਭ ਨੂੰ ਖੇੜਾ ਵੰਡਦਾ ਹੈ।

ਅਜਿਹੇ ਮਹਾਂ ਪੁਰਸ਼ਾਂ ਨੂੰ ਅਸੀਂ ਗੁਰੂ, ਪੀਰ, ਪੈਗ਼ੰਬਰ, ਅਵਤਾਰ, ਔਲੀਏ, ਸਾਧੂ, ਸੰਤ, ਫਕੀਰ ਅਤੇ ਦਰਵੇਸ਼ ਆਖਦੇ ਹਾਂ।

ਕੋਈ ਨਾਦਾਨ ਤੇ ਕਮਜ਼ੋਰ ਦਿਲ ਇਨਸਾਨ ਵਿਧਾਤਾ ਦੀ ਇਸ ਵਿਸ਼ਾਲਤਾ ਨੂੰ ਦੇਖ ਕੇ ਡਰ ਜਾਂਦਾ ਹੈ ਤੇ ਡਰਿਆ ਹੋਇਆ ਸਭ ਨੂੰ ਡਰਾਉਣ ਲੱਗ ਜਾਂਦਾ ਹੈ।

ਡਰੇ ਹੋਏ ਇਨਸਾਨ ਸਿਆਸਤ ਕਰਦੇ ਕਰਦੇ ਹੈਵਾਨ ਹੋ ਜਾਂਦੇ ਹਨ ਤੇ ਦੂਸਰਿਆਂ ਨੂੰ ਡਰਾਉਦੇ ਡਰਾਉਦੇ ਤੁਰ ਜਾਂਦੇ ਹਨ।

ਅਜਿਹੇ ਅਭੱਦਰ ਪੁਰਸ਼ਾਂ ਨੂੰ ਲੋਕ ਰਾਜੇ, ਮਹਾਰਾਜੇ ਤੇ ਬਾਦਸ਼ਾਹ ਆਖਦੇ ਹਨ। ਅੱਜਕਲ ਇਨ੍ਹਾਂ ਨੂੰ ਪੰਚ, ਸਰਪੰਚ, ਐੱਮਾਂ.ਐੱਲਾਂ.ਏ, ਐੱਮਾਂ.ਪੀ, ਮੰਤਰੀ, ਕੈਬਨਿਟ ਮੰਤਰੀ, ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਵੀ ਕਹਿੰਦੇ ਹਨ।

ਸਾਡੇ ਆਸ ਪਾਸ ਉਸਰੀਆਂ ਸਭਾਵਾਂ ਤੇ ਸੰਸਥਾਵਾਂ ਦੇ ਪ੍ਰਧਾਨ ਵੀ ਅਜਿਹੇ ਡਰੇ ਹੋਏ, ਸਹਿਮੇਂ ਹੋਏ ਤੇ ਦੂਸਰਿਆਂ ਨੂੰ ਡਰਾਉਣ ਵਾਲ਼ੇ ਇਨਸਾਨ ਹੀ ਹੁੰਦੇ ਹਨ।

ਪਹਿਲੀ ਕਿਸਮ ਦੇ ਮਹਾਨ ਇਨਸਾਨਾਂ ਦੀਆਂ ਬੇਅਬਾਦ ਕਬਰਾਂ 'ਤੇ ਵੀ ਚਾਦਰਾਂ ਚੜ੍ਹਦੀਆਂ ਹਨ, ਚਿਰਾਗ਼ ਬਲ਼ਦੇ ਹਨ ਤੇ ਮੇਲੇ ਲੱਗਦੇ ਹਨ।

ਅਜਿਹੇ ਲੋਕਾਂ ਦੇ ਸ਼ਮਸ਼ਾਨ ਨੂੰ ਵੀ ਲੋਕ ਭਗਵਾਨ ਦੀ ਤਰਾਂ ਪੂਜਦੇ ਹਨ, ਦੀਵੇ ਜਗਾਉਂਦੇ ਹਨ ਅਤੇ ਲੰਗਰ ਚਲਾਉਂਦੇ ਹਨ।

ਦੂਜੀ ਕਿਸਮ ਦੇ ਲੋਕਾਂ ਦੇ ਸ਼ਾਨੋ-ਸ਼ੌਕਤ ਵਾਲ਼ੇ ਮਹੱਲਨੁਮਾ ਮਕਬਰੇ ਵੀ ਬੇਅਬਾਦ ਰਹਿੰਦੇ ਹਨ; ਨਾ ਕੋਈ ਦੀਵਾ ਬਾਲ਼ਦਾ ਹੈ, ਨਾ ਚਿਰਾਗ਼ ਕਰਦਾ ਹੈ ਤੇ ਨਾ ਚਾਦਰ ਚਾੜਦਾ ਹੈ।

ਪਹਿਲੀ ਕਿਸਮ ਦੇ ਅੱਵਲ ਅਤੇ ਪਾਕ ਰੂਹ, ਹਜ਼ਰਤ ਆਦਮ ਦੀ ਵੰਸ ਵਿੱਚ, ਹਜ਼ਰਤ ਮੁਹੰਮਦ ਅਜਿਹੇ ਪੈਗ਼ੰਬਰ ਹੋਏ ਹਨ, ਜਿਨ੍ਹਾਂ ਨੇ ਆਦਮਜਾਤ ਅਰਥਾਤ ਮਨੁੱਖਤਾ ਦੀ ਪਲ ਪਲ ਬਿਖਰਦੀ ਮਾਲ਼ਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਅਤੇ ਜੀਵਨ ਪਰਿਅੰਤ ਇਸ ਆਸ਼ੇ 'ਤੇ ਕਾਇਮ ਰਹੇ।

ਉਨ੍ਹਾਂ ਨੇ ਔਖੇ ਤੋਂ ਔਖੇ ਸਮੇਂ ਵੀ ਸਹਿਜ ਦਾ ਪੱਲਾ ਨਾ ਛੱਡਿਆ, ਨਾ ਦਿਲ ਦਾ ਚੈਨ ਗੁਆਇਆ ਤੇ ਨਾ ਅਮਨ ਦਾ ਰਾਹ ਛੱਡਿਆ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਪਲ ਪਲ ਸਾਦਗੀ ਦੀ ਮਿਸਾਲ ਬਣ ਕੇ ਬਤੀਤ ਕੀਤਾ। ਉਨ੍ਹਾਂ ਤੋਂ ਸਿੱਖਿਆ ਲੈਣ ਦਾ ਸਾਡਾ ਸਭ ਦਾ ਪਵਿੱਤਰ ਫ਼ਰਜ਼ ਹੈ।

ਜੇ ਹਾਲੇ ਤੱਕ ਅਸੀਂ ਉਨ੍ਹਾਂ ਤੋਂ ਅਣਜਾਣ ਹਾਂ ਤਾਂ ਮੇਰੀ ਸਿਫ਼ਾਰਸ਼ ਅਤੇ ਦਰਖ਼ਾਸਤ ਹੈ ਕਿ 'ਇੰਨਰ ਟੈਡੀਸ਼ਨਜ਼' ਵੱਲੋਂ ਛਾਪੀ ਹੋਈ ਮਾਰਟਿਨ ਲਿੰਗਜ਼ ਦੀ ਕਿਤਾਬ 'ਮੁਹੰਮਦ' ਦਾ ਪਾਠ ਕਰੀਏ ਤੇ ਸਾਂਝੀਵਾਲਤਾ ਦੇ ਸੂਤਰ ਵਿੱਚ ਜੁੜ ਕੇ ਸਰਬੱਤ ਦੇ ਭਲੇ ਲਈ ਹਮਰਕਾਬ ਹੋਈਏ।

ਇਕ ਵਾਰੀ ਫਿਰ ਸਭ ਨੂੰ ਈਦ ਮੁਬਾਰਕ ਹੋਵੇ!
 

rajwinder kaur

This news is Content Editor rajwinder kaur