ਸਿੱਖਿਆ ਵਿਭਾਗ ਦਾ ਕਾਰਨਾਮਾ, ਸਮਾਜਕ ਸਿੱਖਿਆ ਦੀ ਥਾਂ ਬੰਡਲਾਂ 'ਚੋਂ ਨਿਕਲੇ ਪੰਜਾਬੀ ਦੇ ਪ੍ਰਸ਼ਨ ਪੱਤਰ

03/15/2019 10:14:26 AM

ਸ਼ੇਰਪੁਰ/ਲੁਧਿਆਣਾ(ਸਿੰਗਲਾ, ਵਿੱਕੀ)— ਟੁੱਟੀਆਂ ਇਮਾਰਤਾਂ, ਅਧਿਆਪਕਾਂ ਦੀ ਘਾਟ, ਵਰਦੀਆਂ, ਵਜ਼ੀਫਿਆਂ, ਕਿਤਾਬਾਂ ਦਾ ਸਮੇਂ ਸਿਰ ਨਾ ਮਿਲਣਾ ਤੇ ਅਜਿਹੇ ਹੀ ਹੋਰ ਮਾਮਲਿਆਂ ਸਬੰਧੀ ਹਮੇਸ਼ਾ ਚਰਚਾ 'ਚ ਰਹੇ ਸਿੱਖਿਆ ਵਿਭਾਗ ਨੇ ਇਕ ਹੋਰ ਕਾਰਨਾਮਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਸਰਕਾਰੀ ਹਾਈ ਸਕੂਲ, ਸਰਕਾਰੀ ਮਿਡਲ ਸਕੂਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ 'ਚ ਅੱਠਵੀਂ ਕਲਾਸ ਦਾ ਸਮਾਜਕ ਸਿੱਖਿਆ ਵਿਸ਼ੇ ਨਾਲ ਸਬੰਧਤ ਪੇਪਰ ਸੀ ਪਰ ਜਦੋਂ ਸਕੂਲ ਪ੍ਰਬੰਧਕਾਂ ਨੇ ਪੇਪਰ ਲੈਣ ਸਮੇਂ ਸਕੂਲਾਂ ਅੰਦਰ ਸਿੱਖਿਆ ਵਿਭਾਗ ਵੱਲੋਂ ਭੇਜੇ ਪੇਪਰਾਂ ਵਾਲੇ ਬੰਡਲ ਖੋਲ੍ਹੇ ਤਾਂ ਉਨ੍ਹਾਂ 'ਚ ਸਮਾਜਕ ਸਿੱਖਿਆ ਦੀ ਥਾਂ ਅੱਠਵੀਂ ਕਲਾਸ ਦੇ ਪੰਜਾਬੀ ਵਿਸ਼ੇ ਨਾਲ ਸਬੰਧਤ ਪ੍ਰਸ਼ਨ ਪੱਤਰ ਨਿਕਲਣ ਕਰਕੇ ਸਕੂਲ ਪ੍ਰਬੰਧਕਾਂ ਦੇ ਹੋਸ਼ ਉੱਡ ਗਏ।

ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਕਲਾਂ ਦੇ ਪ੍ਰਿੰਸੀਪਲ ਮੈਡਮ ਮਨਿੰਦਰਜੀਤ ਕੌਰ ਨੇ ਦੱਸਿਆ ਕਿ ਜਦੋਂ ਸਮਾਜਕ ਸਿੱਖਿਆ ਦਾ ਪੇਪਰ ਲੈਣ ਲਈ ਪ੍ਰਸ਼ਨ ਪੱਤਰ ਵਲਾ ਬੰਡਲ ਖੋਲ੍ਹਿਆ ਤਾਂ ਉਸ 'ਚ ਪੰਜਾਬੀ ਵਿਸ਼ੇ ਨਾਲ ਸਬੰਧਤ ਪ੍ਰਸ਼ਨ ਪੱਤਰ ਨਿਕਲੇ। ਉਨ੍ਹਾਂ ਤੁਰੰਤ ਜ਼ਿਲਾ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸੰਗਰੂਰ ਤੋਂ ਪ੍ਰਸ਼ਨ ਪੱਤਰ ਬਦਲ ਕੇ ਲਿਜਾਣ ਲਈ ਕਿਹਾ ਪਰ ਜਦੋਂ ਖੇੜੀ ਕਲਾਂ ਸਕੂਲ ਤੋਂ ਅਧਿਆਪਕ ਪੇਪਰ ਲੈਣ ਲਈ ਸੰਗਰੂਰ ਪੁੱਜੇ ਤਾਂ ਉਨ੍ਹਾਂ ਨੂੰ ਸੰਗਰੂਰ ਤੋਂ ਵੀ ਪੂਰੇ ਪ੍ਰਸ਼ਨ ਪੱਤਰ ਪ੍ਰਾਪਤ ਨਹੀਂ ਹੋਏ, ਜਿਸ ਕਰਕੇ ਮਜਬੂਰੀਵਸ ਉਨ੍ਹਾਂ ਨੂੰ ਫੋਟੋ ਕਾਪੀਆਂ ਕਰਵਾਉਣੀਆਂ ਪਈਆਂ। ਇਹ ਸਭ ਕੁਝ ਕਰਦੇ ਹੋਏ ਉਨ੍ਹਾਂ ਨੂੰ 3.30 ਦਾ ਸਮਾਂ ਹੋ ਗਿਆ ਤੇ ਇਸੇ ਸਮੇਂ 'ਤੇ ਉਨ੍ਹਾਂ ਪੇਪਰ ਸ਼ੁਰੂ ਕਰਵਾਇਆ।

ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰਪੁਰ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਨ੍ਹਾਂ ਦੇ 50 ਦੇ ਕਰੀਬ ਪ੍ਰਸ਼ਨ ਪੱਤਰ ਗਲਤ ਆ ਗਏ ਸਨ ਪਰ ਉਨ੍ਹਾਂ ਮੌਕੇ 'ਤੇ ਫੋਟੋ ਕਾਪੀਆਂ ਕਰ ਕੇ ਕੰਮ ਚਲਾ ਲਿਆ ਕਿਉਂਕਿ ਹੋਰ ਕੋਈ ਹੱਲ ਵੀ ਨਹੀਂ ਸੀ। ਉਥੇ ਹੀ ਸੁਖਵੀਰ ਸਿੰਘ, ਸਹਾਇਕ ਸਿੱਖਿਆ ਅਫਸਰ ਸੰਗਰੂਰ ਦਾ ਕਹਿਣਾ ਹੈ ਕਿ ਕਿ ਉਹ ਇਸ ਸਬੰਧੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਰਹੇ ਹਨ।

ਕੀ ਕਹਿੰਦੇ ਨੇ ਨੋਡਲ ਅਫਸਰ :
ਇਸ ਸਬੰਧੀ ਨੋਡਲ ਅਫਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਨ ਪੱਤਰਾਂ ਦੇ ਬੰਡਲ ਉਪਰ ਸਮਾਜਕ ਸਿੱਖਿਆ ਦਾ ਲੇਬਲ ਲੱਗਿਆ ਹੋਇਆ ਹੈ, ਇਨ੍ਹਾਂ ਬੰਡਲਾਂ ਨੂੰ ਸਕੂਲ ਪ੍ਰਬੰਧਕਾਂ ਨੂੰ ਵੰਡਿਆ ਗਿਆ ਸੀ, ਜਿਨ੍ਹਾਂ ਸਕੂਲਾਂ 'ਚ ਇਹ ਸਮੱਸਿਆ ਆਈ ਹੈ, ਉਨ੍ਹਾਂ ਨੂੰ ਸੰਗਰੂਰ ਬੁਲਾ ਲਿਆ ਗਿਆ ਹੈ ਤੇ ਪ੍ਰਸ਼ਨ ਪੱਤਰ ਦਿੱਤੇ ਜਾ ਰਹੇ ਹਨ ਪਰ ਅੰਦਰ ਪੰਜਾਬੀ ਵਿਸ਼ੇ ਦੇ ਪ੍ਰਸ਼ਨ ਪੱਤਰ ਨਿਕਲਣ ਕਰਕੇ ਸਮੱਸਿਆ ਆਈ ਹੈ। ਇਸ ਸਬੰਧੀ ਜਦੋਂ ਸੰਗਰੂਰ ਦੇ ਬਾਲ ਕ੍ਰਿਸ਼ਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜ਼ਿਲੇ ਦੇ 16-17 ਸਕੂਲਾਂ 'ਚ ਇਹ ਸਮੱਸਿਆ ਆਈ ਹੈ। ਸਮਾਜਕ ਸਿੱਖਿਆ ਵਿਸ਼ੇ 'ਤੇ ਪੇਪਰ ਸਮੇਂ ਪੰਜਾਬੀ ਦੇ ਪ੍ਰਸ਼ਨ ਪੱਤਰ ਆ ਜਾਣ ਨਾਲ ਹੁਣ ਪੰਜਾਬੀ ਦਾ ਪ੍ਰਸ਼ਨ ਪੱਤਰ ਸਮੇਂ ਤੋਂ ਪਹਿਲਾਂ ਲੀਕ ਹੋ ਗਿਆ ਹੈ। ਜਦਕਿ ਅੱਠਵੀਂ ਕਲਾਸ ਦਾ ਪੰਜਾਬੀ ਵਿਸ਼ੇ ਨਾਲ ਸਬੰਧਤ ਪੇਪਰ ਮਿਤੀ 19 ਮਾਰਚ ਨੂੰ ਹੋਣਾ ਹੈ।

cherry

This news is Content Editor cherry